ਵਾਰਾਨਸੀ: ਕਾਸ਼ੀ ਹਿੰਦੂ ਯੂਨੀਵਰਸਿਟੀ ‘ਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਇੱਕ ਵਿਦਿਆਰਥੀ ਨੂੰ ਗੋਲ਼ੀਆਂ ਚਲਾ ਕੇ ਮਾਰ ਦਿੱਤਾ। ਇਸ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੋਲ਼ੀ ਲੱਗਣ ਨਾਲ ਜ਼ਖ਼ਮੀ ਵਿਦਿਆਰਥੀ ਨੂੰ ਬੀਐਚਯੂ ਦੇ ਟ੍ਰਾਮਾ ਸੈਂਟਰ ‘ਚ ਭਰਤੀ ਕੀਤਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਸੀ।
ਪੁਲਿਸ ਮੁਤਾਬਕ ਵਿਦਿਆਰਥੀ ਗੌਰਵ ਕਾਸ਼ੀ ਹਿੰਦੂ ਯੂਨੀਵਰਸਿਟੀ ‘ਚ ਐਮਸੀਏ ਦਾ ਵਿਦਿਆਰਥੀ ਹੈ। ਮੰਗਲਵਾਰ ਸ਼ਾਮ ਉਹ ਆਪਣੇ ਦੋਸਤਾਂ ਨਾਲ ਹੋਸਟਲ ਬਾਹਰ ਖੜ੍ਹਾ ਗੱਲਾਂ ਕਰ ਰਿਹਾ ਸੀ। ਦੋ ਮੋਟਰਸਾਈਕਲਾਂ ‘ਤੇ ਚਾਰ ਬਦਮਾਸ਼ ਆਏ ਜਿਨ੍ਹਾਂ ਨੇ ਦੋ ਪਿਸਤੌਲਾਂ ਨਾਲ ਗੌਰਵ ‘ਤੇ 8-10 ਫਾਇਰ ਕੀਤੇ।
ਗੌਰਵ ‘ਤੇ ਗੋਲ਼ੀ ਚੱਲਣ ਦੀ ਖ਼ਬਰ ਨਾਲ ਵਿਦਿਆਰਥੀਆਂ ਦਾ ਜਮਾਵੜਾ ਟ੍ਰਾਮਾ ਸੈਂਟਰ ਬਾਹਰ ਇਕੱਠਾ ਹੋ ਗਿਆ। ਗੁੱਸੇ ‘ਚ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਮੀਡੀਆ ਨੂੰ ਵੀ ਕਵਰੇਜ਼ ਕਰਨ ਤੋਂ ਰੋਕ ਦਿੱਤਾ।
ਇਸ ਬਾਰੇ ਵਾਰਾਨਸੀ ਦੇ ਸੈਨਾਧਿਕਾਰੀ (ਸੀਓ) ਅਨਿਲ ਸਿੰਘ ਨੇ ਦੱਸਿਆ ਕਿ ਵਾਰਦਾਤ ਦਾ ਕਾਰਨ ਵਿਦਿਆਰਥੀਆਂ ਦੀ ਆਪਸੀ ਰੰਜਿਸ਼ ਹੈ। ਇਸ ਹਮਲੇ ‘ਚ ਸ਼ਾਮਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਤੋਂ ਹਿਰਾਸਤ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।