ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ‘ਰਾਸ਼ਟਰੀ ਸਵੈਮ ਸੇਵਕ ਸੰਘ’ (RSS) ਨੇ ਪਹਿਲੀ ਵਾਰ ਆਪਣੀ ਰਾਏ ਰੱਖੀ ਹੈ। ਸੰਘ ਨੇ ਦਾਅਵਾ ਕੀਤਾ ਹੈ ਕਿ ‘ਰਾਸ਼ਟਰ ਵਿਰੋਧੀ ਤੇ ਸਮਾਜ ਵਿਰੋਧੀ ਤਾਕਤਾਂ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਕੋਈ ਹੱਲ ਨਿਕਲਣ ਦੇ ਯਤਨਾਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।’ ਸੰਘ ਨੇ ਕਿਹਾ ਕ ਕਿਸੇ ਵੀ ਪ੍ਰਦਰਸ਼ਨ ਦਾ ਬਹੁਤ ਲੰਮੇ ਸਮੇਂ ਤੱਕ ਜਾਰੀ ਰਹਿਣਾ ਕਿਸੇ ਦੇ ਵੀ ਹਿਤ ’ਚ ਨਹੀਂ ਹੈ।
RSS ਨੇ ਕਿਹਾ ਕਿ ਹਰੇਕ ਮੁੱਦੇ ਉੱਤੇ ਚਰਚਾ ਜ਼ਰੂਰੀ ਹੈ ਤੇ ਕੁਝ ਸਹਿਮਤੀਆਂ ਹੋਣੀਆਂ ਵੀ ਜ਼ਰੂਰੀ ਹਨ; ਭਾਵੇਂ ਸਾਰੇ ਮੁੱਦਿਆਂ ਦਾ ਕੋਈ ਹੱਲ ਨਾ ਹੀ ਨਿੱਕਲੇ। ਦੱਸ ਦੇਈਏ ਕਿ ਸੰਘ ਦੀ ‘ਕੁੱਲ ਹਿੰਦ ਪ੍ਰਤੀਨਿਧ ਸਭਾ’ (ABPS) ਦੀ ਦੋ ਦਿਨਾ ਬੈਠਕ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋਈ, ਜਿਸ ਵਿੱਚ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ ਗਈ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 100 ਤੋਂ ਵੀ ਵੱਧ ਦਿਨਾਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉਹ ਦਿੱਲੀ ਦੀਆਂ ਸੀਮਾਵਾਂ ਉੱਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਉਹ ਇਹ ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਆਰਐਸਐਸ ਨੇ ਰਿਪੋਰਟ 2021 ’ਚ ਕਿਹਾ ਕਿ ਸੰਘ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਅੰਦੋਲਨ ਕਾਰਣ ਰੋਜ਼ਮੱਰਾ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਹ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਸਮਾਜ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਚਾਹੀਦੇ।
ਸੰਘ ਨੇ ਕਿਹਾ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ, ਜਿਸ ਦਾ ਹੱਲ ਨਾ ਹੋਵੇ। ਜ਼ਰੂਰਤ ਹੈ ਸਿਰਫ਼ ਗੰਭੀਰ ਕੋਸ਼ਿਸ਼ਾਂ ਦੀ। ਲੋਕਤੰਤਰ ਵਿੱਚ ਸਭ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ।