ਨਵੀਂ ਦਿੱਲੀ: ਮੋਦੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਪਿਛਲੀ ਸਰਕਾਰਾਂ ਤੋਂ ਕਾਫੀ ਵੱਖਰਾ ਹੈ। ਬੀਤੇ ਸਾਢੇ ਪੰਜ ਸਾਲਾਂ ਵਿੱਚ ਅਜਿਹਾ ਦੇਖਿਆ ਗਿਆ ਹੈ ਕਿ ਮੋਦੀ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਜਿਨ੍ਹਾਂ ਦੀ ਸਰਕਾਰ ਦੇ ਕੁਝ ਖਾਸ ਲੋਕਾਂ ਤੋਂ ਇਲਾਵਾ ਕਿਸੇ ਨੂੰ ਜਾਣਕਾਰੀ ਨਹੀਂ ਸੀ।


ਹੁਣ ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ‘ਚ ਪਹਿਲਾ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਬਾਰੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਸੀ। ਲੋਕ ਬੱਸ ਅੰਦਾਜ਼ੇ ਲਾਉਂਦੇ ਹੀ ਰਹਿ ਗਏ। ਅਜਿਹੇ ‘ਚ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਐਲਾਨ ਕਰ ਦਿੱਤਾ।

ਦੱਸ ਦਈਏ ਕਿ ਪਿਛਲੇ 11 ਦਿਨਾਂ ਤੋਂ ਮੋਦੀ ਸਰਕਾਰ ਕਸ਼ਮੀਰ ਨੂੰ ਲੈ ਕੇ ਕਿਸੇ ਵੱਡੇ ਫੈਸਲੇ ਵੱਲ ਵਧ ਰਹੀ ਸੀ। ਸਭ ਤੋਂ ਪਹਿਲਾਂ 26 ਜੁਲਾਈ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਮਸ਼ੀਰ ਦੇ ਦੌਰੇ ‘ਤੇ ਗਏ। ਕਸ਼ਮੀਰ ਨੂੰ ਲੈ ਕੇ ਵੱਡਾ ਫੈਸਲਾ ਲੈਣ ਦੇ ਸੰਕੇਤ ਮਿਲੇ।

27 ਜੁਲਾਈ ਨੂੰ ਹੋਰ 100 ਕੰਪਨੀਆਂ ਭੇਜਣ ਦਾ ਐਲਾਨ ਹੋਇਆ। ਫੇਰ ਸੂਬੇ ‘ਚ ਮਸਜਿਦਾਂ ਦੀ ਗਿਣਤੀ ਦੀ ਜਾਣਕਾਰੀ ਲਈ ਗਈ। ਇਸ ਤੋਂ ਬਾਅਦ ਸਰਕਾਰ ਨੇ ਅਮਰਨਾਥ ਯਾਤਰਾ ‘ਤੇ ਰੋਕ ਲਾ ਦਿੱਤੀ। ਸੈਲਾਨਿਆਂ ਨੂੰ ਘਾਟੀ ਛੱਡਣ ਦੀ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਜੰਮੂ-ਕਸ਼ਮੀਰ ਨੂੰ ਲੈ ਕੇ ਅੰਦਾਜ਼ਿਆਂ ਦਾ ਬਾਜ਼ਾਰ ਗਰਮ ਰਿਹਾ।

4 ਅਗਸਤ ਨੂੰ ਸੂਬੇ ‘ਚ ਕਾਫੀ ਹਲਚਲ ਦੇਖਣ ਨੂੰ ਮਿਲੀ ਤੇ ਇਹ ਵੀ ਖ਼ਬਰ ਆਈ ਕਿ ਮੋਦੀ ਸਰਕਾਰ ਕਸ਼ਮੀਰ ਨੂੰ ਲੈ ਕੇ ਕੈਬਨਿਟ ਬੈਠਕ ਕਰਨ ਵਾਲੀ ਹੈ। 4 ਤੇ 5 ਅਗਸਤ ਨੂੰ ਜੰਮੂ-ਕਸ਼ਮੀਰ ‘ਚ ਕਾਫੀ ਹਲਚਲ ਰਹੀ। ਵੱਡੇ-ਵੱਡੇ ਨੇਤਾ ਨਜ਼ਰਬੰਦ ਰਹੇ। ਇੰਟਰਨੈੱਟ ਸੇਵਾ ਠੱਪ ਰਹੀ ਤੇ ਘਾਟੀ ‘ਚ ਧਾਰਾ 144 ਲਾਗੂ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ।

5 ਅਗਸਤ ਨੂੰ ਯਾਨੀ ਸੋਮਵਾਰ ਸਵੇਰੇ 9:30 ਵਜੇ ਕੈਬਨਿਟ ਦੀ ਵੀ ਬੈਠਕ ਹੋਈ ਜਿਸ ਦੀ ਕਿਸੇ ਨੂੰ ਖ਼ਬਰ ਨਹੀ ਸੀ ਕਿ ਫੈਸਲਾ ਹੋਣ ਵਾਲਾ ਹੈ। ਬੈਠਕ ਤੋਂ ਪਹਿਲਾਂ ਪੀਐਮ ਦੇ ਨਿਵਾਸ ‘ਤੇ ਕਾਫੀ ਹਲਚਲ ਰਹੀ। ਕਾਨੂੰਨ ਮੰਤਰੀ ਅਤੇ ਗ੍ਰਹਿ ਮੰਤਰੀ ਸਵੇਰੇ 8:30 ਵਜੇ ਹੀ ਪਹੁੰਚ ਚੁਕੇ ਸੀ।


ਮੋਦੀ ਸਰਕਾਰ ਦੇ ਤਿੰਨ ਵੱਡੇ ਫੈਸਲੇ:

1. ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਹੈਰਾਨ ਕਰਨ ਵਾਲਾ ਫੈਸਲਾ 28 ਸਤੰਬਰ, 2016 ਨੂੰ ਲਿਆ। ਇਸ ‘ਚ ਉਨ੍ਹਾਂ ਨੇ ਪਾਕਿਸਤਾਨ ਦੇ ਉੜੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ‘ਚ ਸਰਜੀਕਲ ਸਟ੍ਰਾਈਕ ਕੀਤੀ ਤੇ ਪਾਕਿ ‘ਚ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ।

2. ਮੋਦੀ ਸਰਕਾਰ ਦਾ ਅਗਲਾ ਫੈਸਲਾ 8 ਨਵੰਬਰ, 2016 ਨੂੰ ਲਿਆ ਜਿਸ ‘ਚ ਉਨ੍ਹਾਂ ਨੇ ਨੋਟਬੰਦੀ ਦਾ ਫੈਸਲਾ ਕੀਤਾ। ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ।

3. ਮੋਦੀ ਨੇ ਤੀਜਾ ਵੱਡਾ ਫੈਸਲਾ 26 ਫਰਵਰੀ, 2019 ‘ਚ ਬਾਲਾਕੋਟ ‘ਚ ਏਅਰਸਟ੍ਰਾਈਕ ਦਾ ਲਿਆ। ਇਸ ‘ਚ ਭਾਰਤੀ ਹਵਾਈ ਸੈਨਾ ਨੇ ਪੁਲਵਾਮਾ ‘ਚ ਸੈਨਾ ‘ਤੇ ਹੋਏ ਹਮਲੇ ਦਾ ਬਦਲਾ ਲਿਆ ਤੇ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਬੰਬ ਵਰ੍ਹਾਏ।