ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਹ ਇੱਕ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਰੇਲ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ 215 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਕਿਰਾਏ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਨਵੇਂ ਫ਼ੈਸਲੇ ਮੁਤਾਬਕ, ਸਧਾਰਣ ਸ਼੍ਰੇਣੀ ਦੇ ਟਿਕਟਾਂ ਵਿੱਚ ਪ੍ਰਤੀ ਕਿਲੋਮੀਟਰ ਇੱਕ ਪੈਸਾ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਮੇਲ/ਐਕਸਪ੍ਰੈਸ ਰੇਲਗੱਡੀਆਂ ਦੀ ਗੈਰ-ਏਅਰ ਕੰਡੀਸ਼ਨਡ ਸ਼੍ਰੇਣੀ ਅਤੇ ਸਾਰੀਆਂ ਰੇਲਗੱਡੀਆਂ ਦੀ ਏਅਰ ਕੰਡੀਸ਼ਨਡ ਸ਼੍ਰੇਣੀਆਂ ਵਿੱਚ ਪ੍ਰਤੀ ਕਿਲੋਮੀਟਰ ਦੋ ਪੈਸੇ ਦੀ ਵਾਧਾ ਕੀਤੀ ਜਾਵੇਗੀ।
ਰੇਲ ਮੰਤਰਾਲੇ ਅਨੁਸਾਰ ਇਹ ਨਵੇਂ ਕਿਰਾਏ 26 ਦਸੰਬਰ ਤੋਂ ਲਾਗੂ ਹੋਣਗੇ। ਇਸ ਫ਼ੈਸਲੇ ਨਾਲ ਲੰਬੇ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਕੁਝ ਵਾਧੂ ਬੋਝ ਪੈ ਸਕਦਾ ਹੈ, ਪਰ ਰੇਲਵੇ ਦਾ ਕਹਿਣਾ ਹੈ ਕਿ ਇਹ ਕਦਮ ਸੇਵਾਵਾਂ ਦੀ ਗੁਣਵੱਤਾ ਸੁਧਾਰਨ ਅਤੇ ਵਧ ਰਹੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ।
ਨਵੀਆਂ ਕਿਰਾਇਆ ਦਰਾਂ 26 ਦਸੰਬਰ 2025 ਤੋਂ ਲਾਗੂ ਹੋਣਗੀਆਂ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਉਪਨਗਰੀ ਰੇਲਗੱਡੀਆਂ ਦੇ ਮਾਸਿਕ ਸੀਜ਼ਨ ਟਿਕਟ (MST) ਅਤੇ ਹੋਰ ਰੇਲਗੱਡੀਆਂ ਵਿੱਚ 215 ਕਿਲੋਮੀਟਰ ਤੱਕ ਦੀ ਸਧਾਰਣ ਸ਼੍ਰੇਣੀ ਦੀ ਯਾਤਰਾ ਦੇ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਰੋਜ਼ਾਨਾ ਆਵਾਜਾਈ ਕਰਨ ਵਾਲੇ ਯਾਤਰੀਆਂ ਅਤੇ ਛੋਟੇ ਸਫ਼ਰ ਕਰਨ ਵਾਲਿਆਂ ‘ਤੇ ਇਸ ਫ਼ੈਸਲੇ ਦਾ ਕੋਈ ਅਸਰ ਨਹੀਂ ਪਵੇਗਾ।
ਅਧਿਕਾਰੀਆਂ ਦੇ ਅਨੁਸਾਰ ਕਿਰਾਏ ਵਿੱਚ ਕੀਤਾ ਗਿਆ ਇਹ ਵਾਧਾ ਮੁੱਖ ਤੌਰ ‘ਤੇ ਲੰਬੀ ਦੂਰੀ ਦੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਹੈ। ਰੇਲਵੇ ਦਾ ਕਹਿਣਾ ਹੈ ਕਿ ਇਸ ਕਦਮ ਨਾਲ 31 ਮਾਰਚ 2026 ਤੱਕ ਲਗਭਗ 600 ਕਰੋੜ ਰੁਪਏ ਦਾ ਵਾਧੂ ਰਾਜਸਵ ਮਿਲਣ ਦੀ ਉਮੀਦ ਹੈ, ਜੋ ਰੇਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ, ਰਖ-ਰਖਾਵ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਰਤਿਆ ਜਾਵੇਗਾ।