ਰੋਹਤਾਸ: ਬਿਹਾਰ ਦੇ ਰੋਹਤਾਸ 'ਚ ਵੀਰਵਾਰ ਬਿਜਲੀ ਵਿਭਾਗ ਦੀ ਲਾਪਰਵਾਹੀ ਤੋਂ ਤੰਗ ਆਕੇ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਪਿਤਾ ਦੀ ਮੌਤ ਤੋਂ ਦੁਖੀ ਧੀ ਨੇ ਵੀ ਜ਼ਹਿਰ ਖਾਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਮਾਂ ਰਹਿੰਦਿਆਂ ਉਸ ਨੂੰ ਬਚਾ ਲਿਆ ਗਿਆ। ਘਟਨਾ ਜ਼ਿਲ੍ਹੇ ਦੇ ਦਰੀਗਾਵ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨੌਗਾਈ ਦੀ ਹੈ।


ਬਿਜਲੀ ਬਿੱਲ ਦੇਖ ਕੇ ਕਿਸਾਨ ਨੂੰ ਲੱਗਾ ਝਟਕਾ


ਜਾਣਕਾਰੀ ਮੁਤਾਬਕ ਕਿਸਾਨ ਨੇ ਖੇਤੀ ਪਟਵਨ ਲਈ ਬਿਜਲੀ ਕਨੈਕਸ਼ਨ ਲਿਆ ਸੀ। ਪਰ ਕੁਝ ਹੀ ਦਿਨਾਂ 'ਚ ਬਿਜਲੀ ਵਿਭਾਗ ਵੱਲੋਂ 50 ਹਜ਼ਾਰ ਰੁਪਏ ਦਾ ਗਲਤ ਬਿੱਲ ਕਿਸਾਨ ਦੇ ਘਰ ਭੇਜ ਦਿੱਤਾ ਗਿਆ। ਜਿਸ ਨੂੰ ਦੇਖ ਕੇ ਕਿਸਾਨ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਕਈ ਵਾਰ ਉਸ ਨੇ ਵਿਭਾਗ ਦੀ ਇਸ ਭੁੱਲ ਨੂੰ ਸੁਧਾਰਨ ਲਈ ਬਿਜਲੀ ਦਫ਼ਤਰ ਦੇ ਗੇੜੇ ਲਾਏ। ਪਰ ਵਿਭਾਗ ਵੱਲੋਂ ਕੋਈ ਸੁਧਾਨ ਨਹੀਂ ਕੀਤਾ ਗਿਆ ਤੇ ਬਿੱਲ ਵਧਦਾ ਗਿਆ।


ਨਤੀਜਾ ਇਹ ਹੋਇਆ ਕਿ ਗਰੀਬ ਕਿਸਾਨ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਆਤਮ ਹੱਤਿਆ ਕਰ ਲਈ।। ਜਦੋਂ ਇਸਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਮ੍ਰਿਤਕ ਦੀ ਧੀ ਇਸ ਸਦਮੇ ਨੂੰ ਸਹਿ ਨਾ ਸਕੀ ਤੇ ਜ਼ਹਿਰ ਖਾਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫਿਲਹਾਲ ਉਹ ਜ਼ਿੰਦਾ ਹੈ ਤੇ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ।


ਕੀ ਕਹਿੰਦੇ ਹਨ ਬਿਜਲੀ ਵਿਭਾਗ ਦੇ ਅਧਿਕਾਰੀ?


ਇਸ ਮਾਮਲੇ 'ਚ ਬਿਜਲੀ ਵਿਭਾਗ ਦੇ ਅਅਧਿਕਾਰੀ ਅਭਿਅੰਤਾ ਪ੍ਰੇਮ ਕੁਮਾਰ ਪ੍ਰਵੀਨ ਨੇ ਦੱਸਿਆ ਕਿ ਇਸ ਵਿਅਕਤੀ ਨੇ ਜਦੋਂ ਤੋਂ ਕਨੈਕਸ਼ਨ ਲਿਆ ਸੀ ਉਦੋਂ ਤੋਂ ਲੈਕੇ ਅਜੇ ਤਕ ਸਿਰਫ਼ ਦੋ ਵਾਰ ਬਿਜਲੀ ਬਿੱਲ ਜਮ੍ਹਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ 'ਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।