ਚੰਡੀਗੜ੍ਹ: ਬਿਹਾਰ ਦੇ ਬੇਗੂਸਰਾਏ ਵਿੱਚ ਛਠ ਮਹਾਂਉਤਸਵ ਵਿੱਚ ਭਗਦੜ ਮੱਚਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਇੱਥੇ ਆਪਣੀ ਪੇਸ਼ਕਾਰੀ ਦੇਣ ਪੁੱਜੀ ਸੀ। ਇਸ ਦੌਰਾਨ ਸਮਾਗਮ ਵਿੱਚ ਵਿਵਾਦ ਹੋ ਗਿਆ ਤੇ ਸਪਨਾ ਦੇ ਪ੍ਰਸ਼ੰਸਕਾਂ ਨੇ ਹੰਗਾਮਾ ਕੀਤਾ। ਇਸ ਦੌਰਾਨ ਪੁਲਿਸ ਨੂੰ ਮਜਬੂਰਨ ਲਾਠੀਚਾਰਜ ਕਰਨਾ ਪਿਆ ਤੇ ਭਗਦੜ ਮੱਚ ਗਈ। ਹੰਗਾਮੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ।

ਬੇਗੂਸਰਾਏ ਵਿੱਚ 11ਵੇਂ ਛਠ ਮਹਾਂਉਤਸਵ ਦੌਰਾਨ ਸਪਨਾ ਚੌਧਰੀ ਆਪਣੇ ਠੁਮਕੇ ਲਾਉਣ ਵਾਲੀ ਸੀ। ਸੁਪਨਾ ਤੋਂ ਇਲਾਵਾ ਕਲਾਕਾਰ ਸੁਦੇਸ਼ ਭੌਸਲੇ ਤੇ ਹੰਸ ਰਾਜ ਹੰਸ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨ ਆਏ ਸੀ। ਸ਼ਾਮ ਸ਼ੁਰੂ ਹੋਣ ’ਤੇ ਲੋਕ ਸਪਨਾ ਚੌਧਰੀ ਦੀ ਪੇਸ਼ਕਾਰੀ ਵੇਖਣ ਲਈ ਬੇਤਾਬ ਹੋ ਰਹੇ ਸੀ।

ਰਾਤ ਤਕਰੀਬਨ 12 ਵਜੇ ਸਪਨਾ ਚੌਧਰੀ ਸਟੇਜ ’ਤੇ ਪੁੱਜੀ ਤਾਂ ਪ੍ਰੰਸ਼ਸਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਸ਼ੰਸਕ ਸਪਨਾ ਨੂੰ ਵੇਖਣ ਲਈ ਸਟੇਜ ਦੇ ਬੇਹੱਦ ਨਜ਼ਦੀਕ ਆ ਗਏ ਤੇ ਹੰਗਾਮਾ ਹੋ ਗਿਆ। ਲੋਕ ਇੱਕ ਦੂਜੇ ’ਤੇ ਕੁਰਸੀਆਂ ਸੁੱਟਣ ਲੱਗ ਗਏ। ਮਾਮਲਾ ਵਿਗੜਦਾ ਵੇਖ ਪੁਲਿਸ ਨੇ ਬਲ ਦਾ ਇਸਤੇਮਾਲ ਕੀਤਾ।