ਗੁਰਦਾਸਪੁਰ: ਪੰਜਾਬ ਵਿੱਚ ਦਹਿਸ਼ਤਗਰਦਾਂ ਦੇ ਮੌਜੂਦ ਹੋਣ ਸਬੰਧੀ ਵੀਰਵਾਰ ਸਵੇਰੇ ਜਾਰੀ ਹੋਏ ਐਲਰਟ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਤੇ ਉਸ ਦੇ ਸਾਥੀਆਂ ਨੂੰ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਗੁਰਦਾਸਪੁਰ ਅਤੇ ਦੀਨਾਨਗਰ ਥਾਣੇ ਵੱਲੋਂ ਜ਼ਾਕਿਰ ਮੂਸਾ ਦਾ ਪੋਸਟਰ ਜਾਰੀ ਕੀਤਾ ਗਿਆ ਹੈ।
ਪਠਾਨਕੋਟ ਦੇ ਮਾਧੋਪੁਰ ਵਿੱਚੋਂ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਬੰਦੂਕ ਦੀ ਨੋਕ 'ਤੇ ਗੱਡੀ ਖੋਹਣ ਅਤੇ ਇੰਟੈਲੀਜੈਂਸ ਬਿਊਰੋ ਵੱਲੋਂ ਜੈਸ਼-ਏ-ਮੁਹੰਮਦ ਅੱਤਵਾਦੀ ਜਥੇਬੰਦੀ ਦੇ ਸੱਤ ਮੈਂਬਰਾਂ ਨੂੰ ਫ਼ਿਰੋਜ਼ਪੁਰ ਵਿੱਚ ਦੇਖੇ ਜਾਣ ਦੇ ਐਲਰਟ ਤੋਂ ਬਾਅਦ ਸਰਹੱਦੀ ਇਲਾਕੇ ਹਰਕਤ ਵਿੱਚ ਹਨ।
ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਆਈਬੀ ਵੱਲੋਂ ਜਾਰੀ ਕੀਤੇ ਪੱਤਰ ਤੋਂ ਬਾਅਦ ਹਾਈ ਐਲਰਟ ਜਾਰੀ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦੇ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਲੋਕਾਂ ਨੂੰ ਸੁਚੇਤ ਕਰਨ ਲਈ ਉਸ ਦੇ ਪੋਸਟਰ ਵੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਜ਼ਾਕਿਰ ਮੂਸਾ, ਜਿਸ ਦਾ ਪੂਰਾ ਨਾਂਅ ਜ਼ਾਕਿਰ ਰਸ਼ੀਦ ਭੱਟ ਹੈ, ਅੰਸਾਰ-ਗਜ਼ਵਤ-ਉਲ-ਹਿੰਦ ਨਾਂਅ ਦਾ ਦਹਿਸ਼ਤੀ ਜਥੇਬੰਦੀ ਚਲਾਉਂਦਾ ਹੈ। 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਥਾਣੇ 'ਚ ਧਮਾਕਿਆਂ ਨਾਲ ਵੀ ਉਸ ਦਾ ਸਬੰਧ ਹੈ। ਇਸ ਮਾਮਲੇ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ ਤੋਂ ਜਲੰਧਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਦਕਿ ਦੋ ਹਾਲੇ ਵੀ ਗ੍ਰਿਫ਼ਤ ਵਿੱਚੋਂ ਬਾਹਰ ਹਨ।