ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਮਨਜਿੰਦਰ ਸਿੰਘ ਸਿਰਸਾ ਨੇ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਦੋਸ਼ੀ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੂੰ ਜੇਲ੍ਹ ਲਿਜਾ ਰਹੀ ਪੁਲਿਸ ਨੇ ਸਿਰਸਾ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਥੋੜ੍ਹੀ ਝੜਪ ਵੀ ਹੋਈ।

ਜ਼ਿਕਰਯੋਗ ਹੈ ਕਿ ਪਹਿਲੀ ਨਵੰਬਰ 1984 ਨੂੰ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਮਾਮਲੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਬੀਤੇ ਕੱਲ੍ਹ ਦੋਸ਼ੀ ਐਲਾਨ ਦਿੱਤਾ ਸੀ। ਅਦਾਲਤ ਨੇ ਅੱਜ ਯਾਨੀ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਆਉਂਦੀ 20 ਨਵੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ।



ਮਾਮਲੇ ਦੀ ਸੁਣਵਾਈ ਤੋਂ ਬਾਅਦ ਜਦ ਪੁਲਿਸ ਅਦਾਲਤ ਦੇ ਅਹਾਤੇ ਵਿੱਚੋਂ ਦੋਸ਼ੀਆਂ ਨੂੰ ਜੇਲ੍ਹ ਲਿਜਾ ਰਹੀ ਸੀ ਤਾਂ ਸਿਰਸਾ ਉਸ 'ਤੇ ਟੁੱਟ ਕੇ ਪੈ ਗਏ। ਸਿਰਸਾ ਨੇ ਯਸ਼ਪਾਲ ਸਿੰਘ ਨੂੰ ਥੱਪੜ ਮਾਰੇ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਤੇ ਦੋਸ਼ੀਆਂ ਨੂੰ ਉੱਥੋਂ ਲੈ ਗਏ। ਇਸ ਮਾਮਲੇ ਵਿੱਚ ਸਿਰਸਾ ਵਿਰੁੱਧ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ, ਕੁਝ ਸਮੇਂ ਬਾਅਦ ਉਹ ਵੀ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ: ਦੋ ਮੁਲਜ਼ਮ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ

ਪਹਿਲੀ ਨਵੰਬਰ 1984 ਨੂੰ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਦੋ ਸਿੱਖ ਹਰਦੇਵ ਸਿੰਘ ਤੇ ਅਵਤਾਰ ਸਿੰਘ ਦਾ ਕਤਲ ਹੋਇਆ ਸੀ ਤੇ ਵਸੰਤ ਵਿਹਾਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪਟਿਆਲਾ ਹਾਊਸ ਕੋਰਟ ਤੋਂ ਪੀੜਤ ਦੇ ਵਾਰਸਾਂ ਤੇ ਐਸਆਈਟੀ ਵੱਲੋਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।