ਸ੍ਰੀਨਗਰ: ਬਦਲਦੇ ਮੌਸਮ ਕਰਕੇ ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤਕ ਹਰ ਪਹਾੜ ‘ਤੇ ਬਰਫ ਦੀ ਚਿੱਟੀ ਚਾਦਰ ਵਿੱਛੀ ਨਜ਼ਰ ਆ ਰਹੀ ਹੈ। ਬਰਫਬਾਰੀ ਨਾਲ ਪਹਾੜੀ ਖੇਤਰਾਂ ਦਾ ਮੌਸਮ ਕਾਫੀ ਵਧੀਆ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਉੱਥੇ ਰਹਿਣ ਵਾਲੇ ਲੋਕਾਂ ਲਈ ਹਾਲਾਤ ਮੁਸ਼ਕਲ ਹੋ ਗਏ ਹਨ।

ਜੰਮੂ-ਕਸ਼ਮੀਰ ‘ਚ ਬਰਫਬਾਰੀ ਨੇ 32 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਾਲ ਦੇ ਇਸ ਸੀਜ਼ਨ ‘ਚ ਹੁਣ ਤਕ ਜਿੰਨੀ ਬਰਫਬਾਰੀ ਹੋਈ, ਇੰਨੀ ਬਰਫਬਾਰੀ ਸਾਲ 1986 ‘ਚ ਹੋਈ ਸੀ। ਕਸ਼ਮੀਰ ‘ਚ ਇਸ ਸਾਲ 117 ਫੀਸਦ ਜ਼ਿਆਦਾ ਬਰਫ ਪਈ। ਜੰਮੂ-ਕਸ਼ਮੀਰ ਹਾਈਵੇ ਨੂੰ ਛੱਡ ਕੇ ਇੱਥੇ ਦੀ ਹਰ ਸੜਕ ਬੰਦ ਹੋ ਚੁੱਕੀ ਹੈ।



ਹਿਮਾਚਲ ਦੇ ਸ਼ਿਮਲਾ ‘ਚ ਨਾਰਕੰਡਾ ਦੀਆਂ ਪਹਾੜੀਆਂ ਵੀ ਬਿਲਕੁਲ ਚਿੱਟੀਆਂ ਨਜ਼ਰ ਆ ਰਹੀਆਂ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਚੂਨਾ ਸੁੱਟ ਦਿੱਤਾ ਹੈ। ਬਰਫਬਾਰੀ ਦਾ ਮਜ਼ਾ ਲੈਣ ਪਹੁੰਚੇ ਸੈਲਾਨੀ ਵੀ ਆਪਣੇ ਰਿਜਾਰਟਸ ਤੋਂ ਬਾਹਰ ਨਹੀਂ ਨਿਕਲ ਰਹੇ।

ਸ਼ਿਮਲਾ ਦੇ ਖਾਰਾਪਠਾਰ ਇਲਾਕੇ ‘ਚ ਲੋਕਾਂ ਨੂੰ ਭਾਰੀ ਬਰਫਬਾਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਫਬਾਰੀ ਕਾਰਨ ਰਾਸਤੇ ਬੰਦ ਹੋ ਗਏ ਹਨ ਤੇ ਲੋਕਾਂ ਦੀਆਂ ਗੱਡੀਆਂ ਵੀ ਰਸਤੇ ‘ਚ ਹੀ ਬੰਦ ਹੋ ਗਈਆਂ ਹਨ। ਲਾਹੌਲ ਸਪਿਤੀ ਦਾ ਇਲਾਕਾ ਵੀ ਬਰਫ ਨਾਲ ਢੱਕਿਆ ਗਿਆ ਹੈ। ਇੱਥੋਂ ਦੇ ਕੋਕਸਰ ‘ਚ ਬਰਫਬਾਰੀ ਨਾਲ ਠੰਢ ਇੰਨੀ ਵਧ ਗਈ ਹੈ ਕਿ ਇੱਥੇ ਸੈਲਾਨੀ ਵੀ ਨਜ਼ਰ ਨਹੀਂ ਆ ਰਹੇ।



ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੀ ਬਰਫਬਾਰੀ ਜਿੱਥੇ ਘੁੰਮਣ ਆਏ ਲੋਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ, ਉੱਥੇ ਹੀ ਇਹ ਸਥਾਨਕ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ। ਰਸਤੇ ‘ਤੇ ਮਲਬਾ ਇਕੱਠਾ ਹੋਣ ਕਾਰਨ ਲੋਕ ਰਸਤੇ ‘ਚ ਫਸੇ ਹੋਏ ਹਨ ਤੇ ਗੁਲਮਰਗ ‘ਚ ਬਰਫਬਾਰੀ ਕਾਰਨ ਠੰਢ ਵਧ ਗਈ ਹੈ।