ਨਵੀਂ ਦਿੱਲੀ: ਪੁਲਾੜ ਖੇਤਰ ਵਿੱਚ ਲਗਾਤਾਰ ਨਵੀਆਂ ਤੇ ਵੱਡੀਆਂ ਉਪਲਬਧੀਆਂ ਹਾਸਲ ਕਰਨ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਇੱਕ ਹੋਰ ਉਪਗ੍ਰਹਿ ਨੂੰ ਸਫ਼ਲਤਾਪੂਰਬਕ ਦਾਗ਼ ਦਿੱਤਾ ਹੈ। ਇਸਰੋ ਵੱਲੋਂ ਬੁੱਧਵਾਰ ਨੂੰ ਸੰਚਾਰ ਉਪਗ੍ਰਹਿ ਜੀਸੈਟ-29 ਨੂੰ ਸ੍ਰੀ ਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲੌਂਚ ਕੀਤਾ।


ਇਸਰੋ ਦੇ ਚੇਅਰਮੈਨ ਕੇ. ਸਿਵਾਨ ਨੇ ਕਿਹਾ ਕਿ ਇਹ ਵਿਸ਼ੇਸ਼ ਸੈਟੇਲਾਈਟ ਭਾਰਤ ਖ਼ਾਸ ਤੌਰ ਦੇ ਜੰਮੂ ਕਸ਼ਮੀਰ ਸਮੇਤ ਪੂਰੇ ਉੱਤਰ ਭਾਰਤ ਦੀਆਂ ਸੰਚਾਰ ਜ਼ਰੂਰਤਾਂ ਨੂੰ ਪੂਰਾ ਕਰੇਗਾ। ਲੌਂਚ ਤੋਂ ਅੱਠ ਮਿੰਟਾਂ ਦੇ ਅੰਦਰ-ਅੰਦਰ ਇਸ ਉਪਗ੍ਰਹਿ ਨੂੰ ਆਪਣੇ ਪੰਧ 'ਤੇ ਸਥਾਪਤ ਕਰ ਦਿੱਤਾ ਜਾਵੇਗਾ।


ਜੀਸੈਟ-29 ਨੂੰ ਲੌਂਚ ਕਰਨ ਲਈ ਪੁੱਠੀ ਗਿਣਤੀ 27 ਘੰਟੇ ਪਹਿਲਾਂ ਮੰਗਲਵਾਰ ਦੁਪਹਿਰ ਨੂੰ ਸ਼ੁਰੂ ਹੋ ਗਈ ਸੀ। ਉਪਗ੍ਰਹਿ ਨੂੰ ਲੈਕੇ ਰਾਕੇਟ ਚੇਨੰਈ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸ੍ਰੀ ਹਰਿਕੋਟਾ ਪੁਲਾੜ ਕੇਂਦਰ ਤੋਂ ਸ਼ਾਮ ਪੰਜ ਵੱਜ ਕੇ ਅੱਠ ਮਿੰਟ 'ਤੇ ਰਵਾਨਾ ਹੋਇਆ।

ਇਸ ਉਪਗ੍ਰਹਿ ਦਾ ਵਜ਼ਨ 3,323 ਕਿੱਲੋ ਹੈ। ਜੀਸੈਟ-29 ਵਿੱਚ ਵਿਸ਼ੇਸ਼ 'ਕਾ ਐਂਡ ਕੁ ਬੈਂਡ' ਦੇ ਟ੍ਰਾਂਸਪੌਂਡਰ ਲੱਗੇ ਹੋਏ ਹਨ, ਜੋ ਪੂਰਬ-ਉੱਤਰੀ ਭਾਰਤ ਦੀਆਂ ਸੰਚਾਰ ਜ਼ਰੂਰਤਾਂ ਨੂੰ ਪੂਰਾ ਕਰਨਗੇ।