ਚੰਡੀਗੜ੍ਹ: ਅੱਜ ਰਾਜ ਸਭਾ ਵਿੱਚ NRI ਬਿੱਲ ਬਾਰੇ ਚਰਚਾ ਕੀਤੀ ਗਈ। ਭਾਰੀ ਹੰਗਾਮੇ ਵਿੱਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ’ਚ ਇਹ ਬਿੱਲ ਪੇਸ਼ ਕੀਤਾ। ਇਸ ਬਿੱਲ ਨੂੰ ਵਿਦੇਸ਼ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਤੇ ਗ੍ਰਹਿ ਮੰਤਰਾਲ ਨੇ ਮਿਲ ਕੇ ਤਿਆਰ ਕੀਤਾ ਹੈ। ਬਿੱਲ ਦਾ ਮੁੱਖ ਮਕਸਦ ਐਨਆਰਆਈ ਪਤੀਆਂ ਨੂੰ ਹੋਰ ਜਵਾਬਦੇਹ ਬਣਾਉਣਾ ਹੈ। ਜੇ ਇਹ ਬਿੱਲ ਪਾਸ ਹੋ ਗਿਆ ਤਾਂ ਐਨਆਰਆਈ ਪਤਨੀਆਂ ਦੇ ਸੋਸ਼ਣ ਖ਼ਿਲਾਫ਼ ਭਾਰਤੀ ਮਹਿਲਾਵਾਂ ਡਟ ਕੇ ਆਵਾਜ਼ ਚੁੱਕ ਸਕਣਗੀਆਂ।

ਐਨਆਰਆਈ ਬਿੱਲ ਸਬੰਧੀ ਜ਼ਰੂਰੀ ਗੱਲਾਂ-

  • ਵਿਆਹ ਦੇ 30 ਦਿਨਾਂ ਅੰਦਰ ਸਾਰੇ ਐਨਆਰਆਈ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਏਗੀ। ਜੇ ਬੰਦਾ ਵਿਦੇਸ਼ ਵਿੱਚ ਰਹਿਣ ਵਾਲੀ ਕਿਸੇ ਐਨਆਰਆਈ ਮਹਿਲਾ ਨਾਲ ਵਿਆਹ ਕਰਵਾਉਂਦਾ ਹੈ ਤਾਂ ਉੱਥੇ ਵੀ ਇਹੀ ਨਿਯਮ ਲਾਗੂ ਹੋਏਗਾ।

  • ਜੇ ਕੋਈ ਐਨਆਰਆਈ ਵਿਆਹ ਕਰਵਾ ਕੇ ਬਿਨਾ ਰਜਿਸਟ੍ਰੇਸ਼ਨ ਕਰਵਾਏ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਨੂੰ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ’ਤੇ ਨੋਟਿਸ ਦਿੱਤਾ ਜਾਏਗਾ ਤੇ ਨਾਲ ਹੀ ਇਹ ਮੰਨ ਲਿਆ ਜਾਏਗਾ ਕਿ ਉਸ ਨੂੰ ਇਹ ਨੋਟਿਸ ਮਿਲ ਗਿਆ ਹੈ। ਇਸ ਨੋਟਿਸ ਦੇ ਆਧਾਰ ’ਤੇ ਉਸ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

  • ਨੋਟਿਸ ਪਿੱਛੋਂ ਇੱਕ ਤੈਅ ਸਮਾਂ ਸੀਮਾ ਅੰਦਰ ਮੁਲਜ਼ਮ ਐਨਆਰਆਈ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਜਾਏਗਾ ਤੇ ਉਸ ਨੂੰ ਪੇਸ਼ ਹੋਣਾ ਪਏਗਾ। ਜੇ ਅਦਾਲਤ ਵਿੱਚ ਪੇਸ਼ ਨਾ ਹੋਇਆ ਤਾਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਸਕਦੇ ਹਨ।

  • ਜੇ ਅਦਾਲਤ ਦੇ ਬੁਲਾਉਣ ’ਤੇ ਵੀ ਮੁਲਜ਼ਮ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਐਲਾਨ ਦਿੱਤਾ ਜਾਏਗਾ। ਇਸ ਦੇ ਬਾਅਦ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਏਗੀ ਤੇ ਪਾਸਪੋਰਟ ਵੀ ਰੱਦ ਕਰ ਦਿੱਤਾ ਜਾਏਗਾ।