ਨਵੀਂ ਦਿੱਲੀ : ਹੁਣ ATM ਤੋਂ ਪੈਸਾ ਕਢਵਾਉਣ ਲਈ ਕਾਰਡ ਅਤੇ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਨਵੇਂ ਸਾਲ ਦੌਰਾਨ ਬੈਂਕ ਅਜਿਹੀਆਂ ATM ਮਸ਼ੀਨਾਂ ਲਗਾਉਣ ਜਾ ਰਿਹਾ ਹੈ ਜਿਸ ਵਿੱਚ ਪੈਸੇ ਕਢਵਾਉਣ ਦੇ ਲਈ ਸਿਰਫ਼ ਖਾਤਾ ਧਾਰਕ ਦੇ ਫਿੰਗਰ ਪ੍ਰਿੰਟ ਅਤੇ ਅੱਖਾਂ ਦੀਆਂ ਪੁਤਲੀਆਂ ਦੀ ਸਕੈਨਿੰਗ ਦੀ ਜ਼ਰੂਰਤ ਹੋਵੇਗੀ।
ਇਕਨਾਮਿਕਸ ਟਾਈਮਜ਼ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ ਬੈਂਕ ਬਹੁਤ ਛੇਤੀ ਬਾਇਮੈਟ੍ਰਿਕ ATM ਦਾ ਇਸਤੇਮਾਲ ਕਰਨ ਜਾ ਰਿਹਾ ਹੈ ਜਿਸ ਵਿੱਚ ਖਾਤਾ ਧਾਰਕ ਦੇ ਫਿੰਗਰ ਪ੍ਰਿੰਟ ਅਤੇ ਰੇਟਿਨਾ ਨੂੰ ਸਕੈਨ ਕਰਨ ਤੋਂ ਬਾਅਦ ਕੈਸ਼ ਕਢਵਾਇਆ ਜਾ ਸਕੇਗਾ। 2017 ਦੀ ਸੁਰਆਤ ਵਿੱਚ ਇਸ ਬਾਇਮੈਟ੍ਰਿਕ ATM ਦਾ ਟਰਾਇਲ ਕੀਤਾ ਜਾਵੇਗਾ ਅਤੇ ਇਸ ਦੇ ਪਾਸ ਹੋਣ ਤੋਂ ਬਾਅਦ ਅਜਿਹੀਆਂ ਮਸ਼ੀਨਾਂ ਦੀ ਗਿਣਤੀ ਵਧਾਈ ਜਾ ਸਕੇਗੀ।
ਆਰਬੀਆਈ ਨੇ ਪਿਛਲੇ ਮਹੀਨੇ ਸਾਰੇ ਕਮਰਸ਼ਲ , ਖੇਤਰੀ ਅਤੇ ਹੋਰ ਬੈਂਕਾਂ ਨੂੰ ਛੇਤੀ ਤੋਂ ਛੇਤੀ ਅਜਿਹੇ ਬਾਇਮੈਟ੍ਰਿਕ ATM ਲਿਆਉਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ। ਨਾਲ ਹੀ ਆਰ ਬੀ ਆਈ ਨੇ ਬੈਂਕਾਂ ਨੂੰ ਆਪਣੇ ਸਾਰੇ ਗ੍ਰਾਹਕਾਂ ਦਾ ਖਾਤਾ ਆਧਾਰ ਕਾਰਡ ਨੰਬਰ ਨਾਲ ਜੋੜਨ ਲਈ ਆਖਿਆ ਹੈ ਤਾਂ ਜੋ ਉਹ ਬਾਇਮੈਟ੍ਰਿਕ ATM ਦਾ ਇਸਤੇਮਾਲ ਕੀਤਾ ਜਾ ਸਕੇ।
ਆਰ ਬੀ ਆਈ ਦੇ ਆਦੇਸ਼ ਤੋਂ ਬਾਅਦ ਕੁੱਝ ਬੈਂਕਾਂ ਨੇ ਬਾਇਮੈਟ੍ਰਿਕ ATM ਲਗਾਉਣ ਦੀ ਤਿਆਰੀ ਵੀ ਕਰ ਲਈ ਹੈ। ਸੂਚਨਾ ਅਨੁਸਾਰ ਫ਼ਿਲਹਾਲ ਅਜਿਹੇ ਬਾਇਮੈਟ੍ਰਿਕ ATM ਕੁੱਝ ਖ਼ਾਸ ਸ਼ਹਿਰਾਂ ਵਿੱਚ ਹੀ ਲਗਾਏ ਜਾਣਗੇ। ਇਸ ਤੋਂ ਬਾਅਦ ਇਹ ਹੌਲੀ ਹੌਲੀ ਪੂਰੇ ਦੇਸ਼ ਵਿੱਚ ਲੱਗਾ ਦਿੱਤੇ ਜਾਣਗੇ।