ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਭਾਰਤੀ ਇਲਾਕਿਆਂ ਵਿੱਚ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ। ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਸੀਜ-ਫਾਈਰ ਦੀ ਉਲੰਘਣਾ ਦੇ ਦੌਰਾਨ ਬੀਐਸਐਫ ਦੇ ਹੈੱਡ ਕਾਂਸਟੇਬਲ ਨਿਤਿਨ ਸੁਭਾਸ਼ ਸ਼ਹੀਦ ਹੋ ਗਏ ਹਨ। ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਹੁਣ ਤੱਕ 58 ਵਾਰ ਸੀਜ ਫਾਇਰ ਦੀ ਉਲੰਘਣਾ ਕਰ ਚੁੱਕਾ ਹੈ।
ਇਸ ਦੇ ਨਾਲ ਹੀ ਐਲ ਓ ਸੀ ਦੇ ਨਜ਼ਦੀਕ ਸੈਨਾ ਦੀ ਗਸ਼ਤ ਕਰ ਰਹੀ ਟੁਕੜੀ ਉੱਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਸੈਨਿਕ ਸ਼ਹੀਦ ਹੋ ਗਿਆ। ਜਵਾਬੀ ਕਾਰਵਾਈ ਵਿੱਚ ਇੱਕ ਦਹਿਸ਼ਤਗਰਦ ਵੀ ਮਾਰਿਆ ਗਿਆ। ਦਹਿਸ਼ਤਗਰਦ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਸ਼ਹੀਦ ਸੈਨਿਕ ਦੀ ਦੇਹ ਨਾਲ ਬੁਰਾ ਵਿਵਹਾਰ ਵੀ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦੋਂ ਦਹਿਸ਼ਤਗਰਦ ਇਹ ਕਾਰਵਾਈ ਕਰ ਰਹੇ ਸਨ ਤਾਂ ਪਾਕਿਸਤਾਨ ਸੈਨਾ ਉਨ੍ਹਾਂ ਨੂੰ ਕਵਰ ਫਾਇਰ ਦੇ ਰਹੀ ਸੀ।

ਘਟਨਾ ਤੋਂ ਬਾਅਦ ਭਾਰਤੀ ਸੈਨਾ ਨੇ ਐਲਾਨ ਕੀਤਾ ਹੈ ਕਿ ਇਸ ਘਟਨਾ ਦਾ ਬਦਲਾ ਲਿਆ ਜਾਵੇਗਾ।  ਮਿਲੀ ਜਾਣਕਾਰੀ ਅਨੁਸਾਰ ਰਾਤੀ 11 ਵਜੇ ਡੀਜੀਐਮਓ ਨੇ ਪ੍ਰਧਾਨ ਮੰਤਰੀ , ਰੱਖਿਆ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਪੂਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਸੀਮਾ ਨਾਲ ਲੱਗਦੇ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਨਾਲ ਭਾਰਤੀ ਚੌਂਕੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਦੂਜੇ ਪਾਸੇ ਬੀਐਸ ਐਫ ਨੇ ਦਾਅਵਾ ਕੀਤਾ ਹੈ ਕਿ ਹਫ਼ਤੇ ਵਿੱਚ 15 ਪਾਕਿਸਤਾਨੀ ਰੇਂਜਰਜ਼ ਨੂੰ ਮਾਰ ਸੁੱਟਿਆ ਹੈ।