ਜਲੰਧਰ: ਬਲਾਤਾਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਓਸਿਸ ਦੀ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਪਾਸਟਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਾਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਸ਼ਪ ਨੇ ਪਹਿਲਾਂ ਹੀ ਜਲੰਧਰ ਡਾਇਓਸਿਸ ਦਾ ਪ੍ਰਸ਼ਾਸਨਿਕ ਕਾਰਜਭਾਰ ਆਪਣੇ ਸਾਥੀ ਨੂੰ ਸੌਂਪ ਦਿੱਤਾ ਸੀ। ਹੁਣ ਚਰਚ ਦੇ ਨਵੇਂ ਪ੍ਰਸ਼ਾਸਕ ਦੀ ਨਿਯੁਕਤੀ ਕਰ ਕੇ ਫਰੈਂਕੋ ਤੋਂ ਧਾਰਮਿਕ ਪ੍ਰਚਾਰ ਕਰਨ ਦਾ ਹੱਕ ਵੀ ਖੋਹ ਲਿਆ ਗਿਆ ਹੈ।
ਕੈਥੋਲਿਕ ਬਿਸ਼ਪਸ ਕਾਨਫ਼ਰੰਸ ਆਫ਼ ਇੰਡੀਆ (ਸੀਬੀਸੀਆਈ) ਨੇ ਪ੍ਰੈਸ ਬਿਆਨ ਜਾਰੀ ਕਰ ਕੇ ਇਸ ਦੀ ਸੂਚਨਾ ਦਿੱਤੀ। ਕਾਨਫ਼ਰੰਸ ਦੇ ਮੁਖੀ ਓਸਵਾਲਡ ਕਾਰਡੀਨਲ ਗ੍ਰੇਸੀਅਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਫਾਦਰ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਾਲ ਦੀ ਘੜੀ ਫਾਰਗ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਤੁਰੰਤ ਪ੍ਰਭਾਵ ਤੋਂ ਬੌਂਬੇ ਦੀ ਚਰਚ ਦੇ ਬਿਸ਼ਪ ਐਗਨੇਲੋ ਰੁਫ਼ੀਨੋ ਗਰੇਸ਼ੀਅਸ ਨੂੰ ਜਲੰਧਰ ਦੀ ਕੈਥੋਲਿਕ ਚਰਚ 'ਚ ਬਤੌਰ ਬਿਸ਼ਪ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੋਟਾਇਮ ਪੁਲਿਸ ਦੇ ਅਫ਼ਸਰ ਨੇ ਕੇਰਲ ਹਾਈ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਇੰਨੇ ਸਬੂਤ ਹਨ, ਜਿਸ ਦੇ ਆਧਾਰ 'ਤੇ ਉਹ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਹਿਰਾਸਤ 'ਚ ਲੈ ਸਕਣ। ਫਰੈਂਕੋ ਨੇ ਬੀਤੇ ਦਿਨੀਂ ਕੇਰਲ ਉੱਚ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਹੈ, ਜਿਸ 'ਤੇ ਹਾਲੇ ਫੈਸਲਾ ਆਉਣਾ ਬਾਕੀ ਹੈ।