ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ, ਹਿੰਦੁਤਵ ਤੇ ਕੁਝ ਹੋਰ ਮੁੱਦਿਆਂ 'ਤੇ ਦਿੱਤੇ ਗਏ ਬਿਆਨਾਂ ਬਾਰੇ ਕਾਂਗਰਸ ਨੇ ਕਿਹਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ, ਕਿਸੇ ਸੰਗਠਨ ਜਾਂ ਵਿਅਕਤੀ ਦੇ ਡੀਐਨਏ ਨੂੰ ਬਦਲਿਆ ਨਹੀਂ ਜਾ ਸਕਦਾ। ਪਾਰਟੀ ਬੁਲਾਰੇ ਮਨੀਸ਼ ਤਿਵਾਰੀ ਨੇ ਦੋਸ਼ ਲਾਇਆ ਕਿ ਚੋਣਾਂ ਨੇੜੇ ਆਉਣ 'ਤੇ ਹੀ ਬੀਜੇਪੀ ਤੇ ਆਰਐਸਐਸ ਦੀ ਸੀਨੀਅਰ ਲੀਡਰਸ਼ਿਪ ਰਾਮ ਮੰਦਰ ਦੀ ਗੱਲ ਕਰਨ ਲੱਗਦਾ ਹੈ।
ਆਰਐਸਐਸ ਦੇ ਹਾਲੀਆ ਸਮਾਗਮ 'ਭਵਿੱਖ ਦਾ ਭਾਰਤ' ਵਿੱਚ ਭਾਗਵਤ ਦੇ ਸੰਬੋਧਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਆਰਐਸਐਸ ਦਾ ਰੁਖ਼ 370 'ਤੇ ਨਹੀਂ ਬਦਲਿਆ, ਪਰ 377 ਬਦਲ ਗਿਆ। ਇਨ੍ਹਾਂ ਦੀਆਂ ਗੱਲਾਂ ਵਿੱਚ ਹੀ ਵਿਰੋਧਾਭਾਸ ਹੈ। ਚਾਹੇ ਕੁਝ ਵੀ ਹੋ ਜਾਵੇ, ਪਰ ਕਿਸੇ ਵਿਅਕਤੀ ਤੇ ਸੰਗਠਨ ਦਾ ਡੀਐਨਏ ਨਹੀਂ ਬਦਲ ਸਕਦਾ।
ਰਾਮ ਮੰਦਰ ਦੇ ਨਿਰਮਾਣ ਸਬੰਧੀ ਭਾਗਵਤ ਦੇ ਬਿਆਨ 'ਤੇ ਤਿਵਾਰੀ ਨੇ ਕਿਹਾ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਸਾਲ 1986 ਤੋਂ 2018 ਦਾ ਇਤਿਹਾਸ ਚੁੱਕ ਕੇ ਦੇਖ ਲਓ, ਬੀਜੇਪੀ ਤੇ ਆਰਐਸਐਸ ਦੇ ਸੀਨੀਅਰ ਨੇਤਾ ਨੇ ਹਮੇਸ਼ਾ ਚੋਣਾਂ ਤੋਂ ਪਹਿਲਾਂ ਹੀ ਰਾਮ ਮੰਦਰ ਦੀ ਗੱਲ ਕੀਤੀ ਜਾਂਦੀ ਹੈ। ਜਦ ਚੋਣਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਰਾਮ ਮੰਦਰ ਯਾਦ ਆ ਜਾਂਦਾ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਾਂਗਰਸੀ ਨੇਤਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਦੇਸ਼ ਵਿੱਚ ਰਹਿਣ ਵਾਲਾ ਹਰ ਵਿਅਕਤੀ ਭਾਰਤੀ ਹੈ। ਹਾਲਾਂਕਿ ਹਰ ਵਿਅਕਤੀ ਦੀ ਇੱਕ ਖੇਤਰੀ ਤੇ ਧਾਰਮਿਕ ਪਛਾਣ ਹੁੰਦੀ ਹੈ, ਪਰ ਸਾਰੇ ਲੋਕ ਭਾਰਤੀ ਹਨ।