ਨਵੀਂ ਦਿੱਲੀ: ਜੰਮੂ ਦੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਬੈਟ ਵੱਲੋਂ ਬੀਐਸਐਫ ਜਵਾਨ ਨਰਿੰਦਰ ਸਿੰਘ ਦੀ ਗਲਾ ਕੱਟ ਕੇ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਜਵਾਨ ਗ਼ਸ਼ਤ ਦੌਰਾਨ ਲਾਪਤਾ ਹੋ ਗਿਆ ਸੀ। ਅੱਜ ਉਸ ਦਾ ਸਸਕਾਰ ਹਰਿਆਣਾ ਦੇ ਪਿੰਡ ਥਾਣਾ ਕਲਾਂ ਵਿੱਚ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ।

 

ਇਹ ਖੌਫ਼ਨਾਕ ਘਟਨਾ ਕੱਲ੍ਹ ਰਾਮਗੜ੍ਹ ਸੈਕਟਰ ਵਿੱਚ ਵਾਪਰੀ ਜੋ ਅਸਲ ਕੰਟਰੋਲ ਰੇਖਾ ’ਤੇ ਹੋਏ ਅਜਿਹੇ ਹਮਲਿਆਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਬੀਐਸਐਫ ਦੇ ਇਸ ਜਵਾਨ ਦੀ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਵਜੋਂ ਪਛਾਣ ਹੋਈ ਹੈ। ਪਹਿਲਾਂ ਬੀਐਸਐਫ ਨੇ ਉਸ ਦਾ ਨਾਂ ਨਰਿੰਦਰ ਕੁਮਾਰ ਦੱਸਿਆ ਸੀ।

ਅਧਿਕਾਰੀਆਂ ਨੇ ਦੱਸਿਆ ‘‘ ਜਵਾਨ ਦੀ ਲਾਸ਼ ’ਤੇ ਗੋਲੀਆਂ ਦੇ ਤਿੰਨ ਨਿਸ਼ਾਨ ਹਨ ਤੇ ਉਸ ਦਾ ਗਲਾ ਕੱਟਿਆ ਹੋਇਆ ਸੀ। ਕੌਮਾਂਤਰੀ ਸਰਹੱਦ ’ਤੇ ਭਾਰਤੀ ਦਸਤਿਆਂ ਨਾਲ ਹੋਈ ਅਜਿਹੀ ਪਹਿਲੀ ਘਟਨਾ ਹੈ ਤੇ ਇਸ ਲਈ ਪਾਕਿਸਤਾਨੀ ਦਸਤੇ ਜ਼ਿੰਮੇਵਾਰ ਹਨ। ਬੀਐਸਐਫ ਤੇ ਹੋਰ ਦਸਤੇ ਢੁਕਵੇਂ ਸਮੇਂ ’ਤੇ ਜਵਾਬੀ ਕਾਰਵਾਈ ਕਰਨਗੇ।’’

ਇਹ ਘਟਨਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸੋਮਵਾਰ ਨੂੰ ਜੰਮੂ ਵਿੱਚ ਬੀਐਸਐਫ ਦੇ ਪਹਿਲੇ ‘‘ਸਮਾਰਟ ਫੈਂਸ’’ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਵਾਪਰੀ ਹੈ। ਇਸ ਪ੍ਰਾਜੈਕਟ ਦਾ ਮਕਸਦ ਤਕਨਾਲੋਜੀ ਤੇ ਉਪਕਰਨਾਂ ਦੀ ਮਦਦ ਨਾਲ ਭਾਰਤ-ਪਾਕਿ ਸਰਹੱਦ ’ਤੇ ਕਮਜ਼ੋਰ ਖੱਪਿਆਂ ਦੀ ਭਰਪਾਈ ਕਰਨਾ ਹੈ।