ਦੇਹਰਾਦੂਨ: ਬੀਜੇਪੀ ਦੀ ਉੱਤਰਾਖੰਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਗਾਂ ਇਕਲੌਤਾ ਅਜਿਹਾ ਜਾਨਵਰ ਹੈ ਜੋ ਸਿਰਫ ਆਕਸੀਜਨ ਲੈਂਦਾ ਹੀ ਨਹੀਂ ਸਗੋਂ ਆਕਸੀਜਨ ਪੈਦਾ ਵੀ ਕਰਦਾ ਹੈ। ਇਸ ਲਈ ਗਾਂ ਨੂੰ 'ਰਾਸ਼ਟਰ ਮਾਤਾ' ਦਾ ਰੁਤਬਾ ਮਿਲਣਾ ਚਾਹੀਦਾ ਹੈ।


ਇਸ ਸਬੰਧੀ ਉੱਤਰਾਖੰਡ ਵਿਧਾਨ ਸਭਾ 'ਚ ਬੁੱਧਵਾਰ ਬਾਕਾਇਦਾ ਮਤਾ ਪਾਸ ਕਰਦਿਆਂ ਗਾਂ ਨੂੰ 'ਰਾਸ਼ਟਰ ਮਾਤਾ' ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ। ਹੁਣ ਇਹ ਮਤਾ ਕੇਂਦਰ ਕੋਲ ਭੇਜਿਆ ਜਾਵੇਗਾ। ਸੂਬੇ ਦੇ ਪਸ਼ੂ ਪਾਲਣ ਮੰਤਰੀ ਰੇਖਾ ਆਰਿਆ ਵੱਲੋਂ ਪੇਸ਼ ਕੀਤੇ ਇਸ ਮਤੇ ਨੂੰ ਸੱਤਾਧਿਰ ਤੇ ਵਿਰੋਧੀ ਧਿਰ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।


ਬੀਜੇਪੀ ਮੰਤਰੀ ਰੇਖਾ ਆਰਿਆ ਕਿਹਾ ਕਿ ਗਾਂ ਨੂੰ ਮਾਂ ਦੇ ਤੌਰ 'ਤੇ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਨਵਜਨਮੇ ਬੱਚੇ ਲਈ ਮਾਂ ਦੇ ਦੁੱਧ ਤੋਂ ਬਾਅਦ ਗਾਂ ਦਾ ਦੁੱਧ ਹੀ ਬਿਹਤਰ ਸਮਝਿਆ ਜਾਂਦਾ ਹੈ। ਗਾਂ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਨਾਲ ਦੇਸ਼ ਭਰ 'ਚ ਗਊ ਰੱਖਿਆ ਦੇ ਯਤਨਾਂ ਨੂੰ ਹੋਰ ਤਾਕਤ ਮਿਲੇਗੀ।