ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਪ੍ਰਸਤਾਵ ਭੇਜਿਆ। ਇਮਰਾਨ ਦਾ ਇਹ ਖਤ ਪਿਛਲੇ ਮਹੀਨੇ ਉਨ੍ਹਾਂ ਨੂੰ ਮੋਦੀ ਵੱਲੋਂ ਲਿਖੇ ਵਧਾਈ ਪੱਤਰ ਦੇ ਜਵਾਬ 'ਚ ਲਿਖਿਆ ਗਿਆ ਹੈ। ਸੂਤਰਾਂ ਮੁਤਾਬਕ ਪਿਛਲੇ ਹਫਤੇ 15 ਸਤੰਬਰ ਨੂੰ ਲਿਖੇ ਇਸ ਖਤ 'ਚ ਇਮਰਾਨ ਨੇ ਇਸ ਮਹੀਨੇ ਦੇ ਅੰਤ 'ਚ ਸੰਯੁਕਤ ਰਾਸ਼ਟਰ ਮਹਾਂਸਭਾ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ-ਪੱਖੀ ਮੁਲਾਕਾਤ ਦੀ ਵੀ ਪੇਸ਼ਕਸ਼ ਕੀਤੀ ਹੈ।


ਸੰਯੁਕਤ ਰਾਸ਼ਟਰ ਮਹਾਂਸਭਾ ਬੈਠਕ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਿਊਯਾਰਕ ਜਾਣਗੇ। ਨਿਊਯਾਰਕ 'ਚ ਹਰ ਵਾਰ ਦੀ ਤਰ੍ਹਾਂ ਸਾਰਕ ਵਿਦੇਸ਼ ਮੰਤਰੀਆਂ ਦੀ ਗੈਰ-ਰਸਮੀ ਬੈਠਕ ਵੀ ਹੋਵੇਗੀ। ਵਿਦੇਸ਼ ਮਤੰਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਰਮਿਆਨ ਦੋ-ਪੱਖੀ ਮੁਲਾਕਾਤ ਦਾ ਅਜੇ ਕੋਈ ਪ੍ਰੋਗਰਾਮ ਨਹੀਂ। ਤੈਅ ਰੀਤ ਮੁਤਾਬਕ ਯੂਐਨ ਮਹਾਂਸਭਾ ਬੈਠਕ ਦੇ ਹਾਸ਼ੀਏ 'ਤੇ ਸਾਰਕ ਵਿਦੇਸ਼ ਮੰਤਰੀਆਂ ਦੀ ਗੈਰ-ਰਸਮੀ ਬੈਠਕ ਹੁੰਦੀ ਹੈ।


ਦੋ-ਪੱਖੀ ਵਾਰਤਾ ਦੇ ਸੰਦਰਭ 'ਚ ਭਾਰਤ ਆਪਣੇ ਰੁਖ 'ਤੇ ਕਾਇਮ ਹੈ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਹੱਦ 'ਤੇ ਅੱਤਵਾਦ ਨਹੀਂ ਰੁਕਦਾ ਤੇ ਹਿੰਸਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਦੋਂ ਤੱਕ ਗੱਲਬਾਤ ਸੰਭਵ ਨਹੀਂ। ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਇਹ ਭਾਰਤ ਲਗਾਤਾਰ ਕਹਿੰਦਾ ਰਿਹਾ ਹੈ। ਸਾਰਕ ਦੇ ਪ੍ਰਬੰਧ 'ਤੇ ਭਾਰਤ ਆਪਣੇ ਰੁਖ 'ਤੇ ਬਰਕਰਾਰ ਹੈ ਕਿ ਜਦੋਂ ਤੱਕ ਮਾਹੌਲ 'ਚ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਅਜਿਹੀ ਕਿਸੇ ਖੇਤਰੀ ਬੈਠਕ ਦਾ ਪ੍ਰਬੰਧ ਸੰਭਵ ਨਹੀਂ।