ਲੰਡਨ: ਭਾਰਤੀ ਮੂਲ ਦੇ ਯੂਕੇ ਦੇ ਪਰਿਵਾਰ ਦੇ ਚਾਰ ਜੀਆਂ ਨੂੰ ਆਪਣੇ ਹੀ ਘਰ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ। ਪਰਿਵਾਰ ਦੇ ਚਾਰੇ ਮੈਂਬਰਾਂ ਨੇ ਘਰੋਂ ਭੱਜ ਕੇ ਜਾਨ ਬਚਾਈ। ਪੁਲਿਸ ਇਸ ਮਾਮਲੇ ਦੀ ਜਾਂਚ ਨਸਲੀ ਹਮਲੇ ਵਜੋਂ ਕਰ ਰਹੀ ਹੈ।
ਬੀਤੇ ਸ਼ਨੀਵਾਰ ਰਾਤ ਜਦ ਮਯੂਰ ਕਾਰਲੇਕਰ ਉਰਫ ਮੈਕ ਕਾਰਲੇਕਰ, ਉਸ ਦੀ ਪਤਨੀ ਰਿਤੂ ਤੇ ਦੋ ਛੋਟੇ ਬੱਚੇ ਲੰਡਨ ਦੇ ਬੂਕਰਵੁੱਡ ਪਾਰਕ ਇਲਾਕੇ ਵਿੱਚ ਬਣੇ ਘਰ 'ਚ ਸੁੱਤੇ ਪਏ ਸਨ ਕਿ ਬਾਹਰੋਂ ਕਿਸੇ ਨੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕਾਰਲੇਕਰ ਪਰਿਵਾਰ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਜਗਾਇਆ ਤੇ ਉਨ੍ਹਾਂ ਹੀ ਅੱਗ ਬੁਝਾਊ ਦਸਤੇ ਨੂੰ ਸੂਚਨਾ ਦਿੱਤੀ।
ਮੈਟਰੋਪੌਲੀਟਨ ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਸੀਸੀਟੀਵੀ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਚਾਰ-ਪੰਜ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਾਰਲੇਕਰ ਪੇਸ਼ੇ ਵਜੋਂ ਇੱਕ ਡਿਜੀਟਲ ਕੰਸਟਲਟੈਂਟ ਹੈ ਤੇ ਉਹ ਸਨ 1990 ਤੋਂ ਮੁੰਬਈ ਛੱਡ ਯੂਕੇ ਚਲਾ ਗਿਆ ਸੀ।