ਜੈਪੁਰ: ਉੱਤਰ ਪੱਛਮੀ ਰੇਲਵੇ ਮੰਡਲ ਵਿੱਚ ਇਸ ਸਾਲ ਅਗਸਤ ਮਹੀਨੇ ਦੌਰਾਨ ਰੇਲਾਂ ਸਾਹਮਣੇ ਪਸ਼ੂ ਆਉਣ ਦੀਆਂ 607 ਘਟਨਾਵਾਂ ਹੋਣ ਕਾਰਨ ਘੱਟੋ-ਘੱਟ 905 ਰੇਲਾਂ ਪ੍ਰਭਾਵਿਤ ਹੋਈਆਂ। ਰੇਲਵੇ ਇਸ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਏਗਾ ਤੇ ਪਸ਼ੂਆਂ ਦੇ ਮਾਲਕਾਂ ਵਿਰੁੱਧ ਕਾਰਵਾਈ ਵੀ ਕਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ, ਪਸ਼ੂ ਪਾਲਕਾਂ ਨੂੰ ਦੂਹਰੀ ਮਾਰ ਪੈ ਸਕਦੀ ਹੈ। ਇੱਕ ਤਾਂ ਉਨ੍ਹਾਂ ਦੇ ਪਸ਼ੂ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਉੱਪਰੋਂ ਉਨ੍ਹਾਂ ਨੂੰ ਮੁਆਵਜ਼ਾ ਮਿਲਣ ਦੀ ਥਾਂ ਸਜ਼ਾ ਜਾਂ ਜ਼ੁਰਮਾਨਾ ਵੀ ਲੱਗ ਸਕਦਾ ਹੈ।
ਘਟਨਾਵਾਂ ਦਾ ਬਿਓਰਾ
ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਇਸ ਅਗਸਤ ਮਹੀਨੇ ਤਕ ਜਾਨਵਰਾਂ ਦੇ ਰੇਲਾਂ ਸਾਹਮਣੇ ਆਉਣ ਦੀਆਂ 607 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਕਾਰਨ 905 ਰੇਲਾਂ ਪ੍ਰਭਾਵਿਤ ਹੋਈਆਂ ਹਨ। ਜੈਪੁਰ ਮੰਡਲ 'ਤੇ 250, ਅਜਮੇਰ ਮੰਡਲ 'ਤੇ 120, ਬੀਕਾਨੇਰ ਮੰਡਲ 'ਤੇ 95 ਤੇ ਜੋਧਪੁਰ ਮੰਡਲ 'ਤੇ 142 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਾਨਵਰਾਂ ਦੇ ਟਕਰਾਉਣ ਨਾਲ ਦੋ ਰੇਲਾਂ ਲੀਹੋਂ ਵੀ ਲੱਥ ਗਈਆਂ। ਇਸ ਤੋਂ ਇਲਾਵਾ ਰੇਲਾਂ ਦੇ ਟਕਰਾਉਣ ਕਾਰਨ ਰੇਲ ਇੰਜਣਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ।
ਰੇਲਵੇ ਕਰੇਗਾ ਕਾਰਵਾਈ
ਉਨ੍ਹਾਂ ਦੱਸਿਆ ਕਿ ਰੇਲਵੇ ਹੁਣ ਉਨ੍ਹਾਂ ਥਾਵਾਂ ਦੀ ਪਛਾਣ ਕਰ ਰਿਹਾ ਹੈ, ਜਿੱਥੇ ਲੋਕ ਰੇਲ ਲਾਈਨ ਕੋਲ ਜਾਨਵਰ ਖੁੱਲ੍ਹੇ ਛੱਡ ਦਿੰਦੇ ਹਨ। ਬੁਲਾਰੇ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ ਤੇ ਪਸ਼ੂ ਪਾਲਕਾਂ ਨੂੰ ਸਮਝਾਇਆ ਜਾਵੇਗਾ। ਇਸ ਤਰ੍ਹਾਂ ਦੀ ਘਟਨਾ ਹੋਣ ਤੋਂ ਬਾਅਦ ਪਸ਼ੂ ਮਾਲਕਾਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕਰੇਗਾ ਤਾਂ ਜੋ ਇਨ੍ਹਾਂ ਘਟਨਾਵਾਂ 'ਤੇ ਰੋਕ ਲੱਗ ਸਕੇ।