ਮੁੰਬਈ: ਮੁੰਬਈ ਤੋਂ ਜੈਪੁਰ ਜਾ ਰਹੀ ਜੈੱਟ ਏਅਰਵੇਜ਼ ਦੀ ਫਲਾਈਟ 9W 697 ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਅਸਲ ਕੈਬਿਨ ਕਰੂ ਦੀ ਬਹੁਤ ਵੱਡੀ ਲਾਪ੍ਰਵਾਹੀ ਕਾਰਨ ਜਹਾਜ਼ 'ਚ ਮੌਜੂਦ 166 ਯਾਤਰੀਆਂ ਦੀ ਜਾਨ ਜਾ ਸਕਦੀ ਸੀ। ਟੇਕਆਫ ਦੌਰਾਨ ਕੈਬਿਨ ਕਰੂ ਉਡਾਣ ਦੇ ਅੰਦਰ ਦਾ ਪ੍ਰੈਸ਼ਰ ਮੈਨਟੇਨ ਰੱਖਣ ਵਾਲਾ ਸਵਿੱਚ ਦਬਾਉਣਾ ਭੁੱਲ ਗਿਆ। ਇਸ ਵਜ੍ਹਾ ਨਾਲ ਜਹਾਜ਼ ਅੰਦਰ ਦਬਾਅ ਦਾ ਸੰਤੁਲਨ ਵਿਗੜ ਗਿਆ ਤੇ 30 ਦੇ ਕਰੀਬ ਯਾਤਰੀਆਂ ਦੇ ਕੰਨ ਤੇ ਨੱਕ ਵਿੱਚੋਂ ਖੂਨ ਵਹਿਣ ਲੱਗ ਗਿਆ। ਜਹਾਜ਼ ਅੰਦਰ ਮੌਜੂਦ ਸਾਰੇ ਆਕਸੀਜਨ ਮਾਸਕ ਹੇਠਾਂ ਆ ਗਏ।


ਜੈੱਟ ਏਅਰਵੇਜ਼ ਨੇ ਅੱਜ ਸਵੇਰੇ 5 ਵੱਜ ਕੇ 52 ਮਿੰਟ ਤੇ ਉਡਾਣ ਭਰੀ ਤੇ ਰਾਸਤੇ 'ਚ 6 ਵੱਜ ਕੇ 12 ਮਿੰਟ 'ਤੇ ਯੂ-ਟਰਨ ਲਿਆ ਤੇ 7 ਵੱਜ ਕੇ 24 ਮਿੰਟ 'ਤੇ ਵਾਪਸ ਐਮਰਜੈਂਸੀ ਲੈਂਡਿੰਗ ਕੀਤੀ। ਏਅਰਪੋਰਟ 'ਤੇ ਪਹਿਲਾਂ ਤੋਂ ਹੀ ਐਂਬੂਲੈਂਸ ਮੌਜੂਦ ਸੀ। ਬਿਮਾਰ ਯਾਤਰੀਆਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ।





ਮਾਮਲੇ ਦੀ ਜਾਂਚ ਦੇ ਆਦੇਸ਼, ਕੈਬਿਨ ਕਰੂ ਆਫ ਡਿਊਟੀ:


ਇਸ ਮਾਮਲੇ 'ਚ ਡੀਜੀਸੀਏ ਨੇ ਦੱਸਿਆ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੈੱਟ ਏਅਰਵੇਜ਼ ਨੇ ਇਸ ਮਾਮਲੇ 'ਤੇ ਬਿਆਨ ਜਾਰੀ ਕਰਕੇ ਖੇਦ ਜਤਾਇਆ ਤੇ ਨਾਲ ਹੀ ਦੱਸਿਆ ਕਿ ਜਾਂਚ ਪੂਰੀ ਹੋਣ ਤੱਕ ਪੂਰੇ ਕਰੂ ਨੂੰ ਆਫ ਡਿਊਟੀ ਕਰ ਦਿੱਤਾ ਹੈ।


ਸਾਰੇ ਯਾਤਰੀਆਂ ਦੀ ਜਾ ਸਕਦੀ ਸੀ ਜਾਨ:


ਐਵੀਏਸ਼ਨ ਐਕਸਪਰਟ ਪੰਕਜ ਗੁਪਤਾ ਨੇ ਏਬੀਪੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਬਹੁਤ ਵੱਡੀ ਗਲਤੀ ਸੀ। ਉਡਾਣ ਜੇਕਰ ਕੁਝ ਦੇਰ ਹੋਰ ਹਵਾ 'ਚ ਰਹਿੰਦੀ ਤਾਂ ਬਹੁਤ ਵੱਡਾ ਨੁਕਾਸਨ ਹੋ ਸਕਦਾ ਸੀ। ਇੱਥੋਂ ਤੱਕ ਕਿ ਸਾਰੇ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਮਨੁੱਖ ਦਾ ਸਰੀਰ ਸਮੁੰਦਰ ਤਲ 'ਤੇ ਰਹਿਣ ਵਾਲਾ ਹੈ। ਜਿਵੇਂ-ਜਿਵੇਂ ਕੋਈ ਵਿਅਕਤੀ ਜ਼ਮੀਨ ਤੋਂ ਉੱਪਰ ਜਾਂਦਾ ਹੈ, ਦਬਾਅ ਘੱਟ ਹੁੰਦਾ ਜਾਂਦਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਫਲਾਇਟ 'ਚ ਪ੍ਰੈਸ਼ਰਾਇਜੇਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ।



ਜਹਾਜ਼ 'ਚ ਮੌਜੂਦ ਇਕ ਯਾਤਰੀ ਨੇ ਆਪਣਾ ਡਰਾਵਨਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਏਸੀ ਸਿਸਟਮ ਹੌਲੀ ਹੋ ਗਿਆ। ਇਸ ਤੋਂ ਬਾਅਦ ਪ੍ਰੈਸ਼ਰ ਵਧਣ ਲੱਗਾ। ਕੁਝ ਯਾਤਰੀਆਂ ਨੇ ਏਅਰਹੋਸਟੈਸ ਨੂੰ ਬਲਾਉਣ ਲਈ ਬਟਨ ਵੀ ਦਬਾਇਆ ਪਰ ਉਹ ਖੁਦ ਆਕਸੀਜਨ ਲਾ ਕੇ ਬੈਠੇ ਸਨ। ਇਸ ਤੋਂ ਬਾਅਦ ਉਡਾਣ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।