ਨਵੀਂ ਦਿੱਲੀ: ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਭਾਜਪਾ ਦਰਮਿਆਨ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਕਥਿਤ ਆਕਸੀਜਨ ਰਿਪੋਰਟ ਨੂੰ ਲੈ ਕੇ ਹੁਣ ਆਹਮੋ-ਸਾਹਮਣੇ ਹਨ। ਦੋਵੇਂ ਧਿਰਾਂ ਇੱਕ-ਦੂਜੇ ਉੱਤੇ ਝੂਠ ਬੋਲਣ ਦਾ ਦੋਸ਼ ਲਾ ਰਹੀਆਂ ਹਨ। ਬੀਜੇਪੀ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਕਿ ਜਦੋਂ ਕੋਰੋਨਾ ਮਹਾਂਮਾਰੀ ਆਪਣੇ ਸਿਖਰ 'ਤੇ ਸੀ, ਉਦੋਂ ਕੇਜਰੀਵਾਲ ਸਰਕਾਰ ਨੇ ਜ਼ਰੂਰਤ ਨਾਲੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਦੀ ਮੰਗ ਕੀਤੀ ਸੀ। ਉੱਧਰ ਕੇਜਰੀਵਾਲ ਸਰਕਾਰ ਨੇ ਕਿਹਾ ਹੈ ਕਿ ਅਜਿਹੀ ਕੋਈ ਰਿਪੋਰਟ ਹੈ ਹੀ ਨਹੀਂ ਹੈ।


ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਇਹ ਰਿਪੋਰਟ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਜਾਰੀ ਕੀਤੀ ਹੈ। ਜਿਸ ਵਿਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਸੰਕਟ ਦੇ ਸਮੇਂ, ਦਿੱਲੀ ਨੂੰ ਆਕਸੀਜਨ ਦੀ ਜ਼ਰੂਰਤ ਸਿਰਫ 289 ਮੀਟ੍ਰਿਕ ਟਨ ਸੀ ਪਰ ਕੇਜਰੀਵਾਲ ਸਰਕਾਰ ਨੇ ਚਾਰ ਗੁਣਾ ਵਧੇਰੇ 1140 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਕੀਤੀ।

ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਝੂਠਾਂ ਕਾਰਨ 12 ਰਾਜਾਂ ਵਿੱਚ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਸੀ ਕਿਉਂਕਿ ਆਕਸੀਜਨ ਨੂੰ ਸਾਰੀਆਂ ਥਾਵਾਂ ਤੋਂ ਕੱਟ ਕੇ ਦਿੱਲੀ ਭੇਜਣਾ ਪਿਆ ਸੀ। ਅਰਵਿੰਦ ਕੇਜਰੀਵਾਲ ਨੇ ਇਹ ਘਿਨਾਉਣਾ ਅਪਰਾਧ ਕੀਤਾ ਹੈ, ਇਸ ਦੇ ਲਈ ਉਸਨੂੰ ਸੁਪਰੀਮ ਕੋਰਟ ਵਿੱਚ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ।

ਸੰਬਿਤ ਪਾਤਰਾ ਨੇ ਇਹ ਵੀ ਕਿਹਾ, “ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਉਨ੍ਹਾਂ ਨੇ ਆਈਸੀਐਮਆਰ (ICMR-ਭਾਰਤੀ ਮੈਡੀਕਲ ਖੋਜ ਕੌਂਸਲ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਕਸੀਜਨ ਦੀ ਗਿਣਤੀ-ਮਿਣਤੀ ਕੀਤੀ। ਪਰ ਜਦੋਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਅਰਵਿੰਦ ਕੇਜਰੀਵਾਲ ਨੂੰ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਦੀ ਕਾਪੀ ਮੰਗੀ ਤਾਂ ਉਸਨੇ ਆਪਣੇ ਹੱਥ ਖੜੇ ਕਰ ਦਿੱਤੇ। ਇਸ ਦਾ ਅਰਥ ਹੈ ਕਿ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਝੂਠ ਬੋਲਿਆ।”

ਆਖ਼ਰ, ਕੀ ਹੈ ਆਕਸੀਜਨ ਰਿਪੋਰਟ ਦੇ ਇਸ ਦਾਅਵੇ ਦੀ ਸੱਚਾਈ?
ਸੰਬਿਤ ਪਾਤਰਾ ਤੋਂ ਬਾਅਦ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਭਾਜਪਾ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਉਪ ਮੁੱਖ ਮੰਤਰੀ ਨੇ ਕਿਹਾ, ਅਜਿਹੀ ਕੋਈ ਰਿਪੋਰਟ ਬਿਲਕੁਲ ਨਹੀਂ ਹੈ। ਭਾਜਪਾ ਝੂਠ ਬੋਲ ਰਹੀ ਹੈ। ਆਕਸੀਜਨ ਆਡਿਟ ਕਮੇਟੀ ਦੇ ਮੈਂਬਰਾਂ ਨੇ ਅਜੇ ਤੱਕ ਕਿਸੇ ਰਿਪੋਰਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਇਸ ਲਈ ਇਹ ਰਿਪੋਰਟ ਕਿੱਥੋਂ ਆਈ।

ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ,“ਅਰਵਿੰਦ ਕੇਜਰੀਵਾਲ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਨੇਤਾਵਾਂ ਦੇ ਕਹਿਣ ਅਨੁਸਾਰ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ ਹੈ। ਇਹ ਰਿਪੋਰਟ ਭਾਜਪਾ ਦੇ ਦਫ਼ਤਰ ਵਿੱਚ ਬੈਠ ਕੇ ਬਣਾਈ ਗਈ ਹੈ। ਅਸੀਂ ਆਡਿਟ ਕਮੇਟੀ ਦੇ ਕਈ ਮੈਂਬਰਾਂ ਨਾਲ ਗੱਲਬਾਤ ਕੀਤੀ, ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਰਿਪੋਰਟ ਉੱਤੇ ਹਸਤਾਖਰ ਨਹੀਂ ਕੀਤੇ। ਮੈਂ ਭਾਜਪਾ ਨੇਤਾਵਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਰਿਪੋਰਟ ਸਾਹਮਣੇ ਆਵੇ ਜਿਸ ਨੂੰ ਆਕਸੀਜਨ ਆਡਿਟ ਕਮੇਟੀ ਦੇ ਮੈਂਬਰਾਂ ਨੇ ਮਨਜ਼ੂਰੀ ਦਿੱਤੀ ਹੋਵੇ।