ਚੰਡੀਗੜ੍ਹ: ਪੰਜਾਬ ਵਿੱਚ ਵੈਕਸੀਨ ਸਕੈਮ ਤੂਲ ਫੜਦਾ ਜਾ ਰਿਹਾ ਹੈ। ਲੋਕਾਂ ਨੂੰ ਮੁਫ਼ਤ ਲਾਇਆ ਜਾਣ ਵਾਲਾ ਕੋਰੋਨਾ ਰੋਕੂ ਟੀਕਾ ਨਿੱਜੀ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਜਿੱਥੇ ਵਿਰੋਧੀ ਪਾਰਟੀਆਂ ਤਰਫ਼ੋਂ ਘੇਰੀ ਜਾ ਰਹੀ ਹੈ, ਉੱਥੇ ਹੀ ਕੇਂਦਰੀ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਗੰਭੀਰ ਦੋਸ਼ ਲਾਏ ਹਨ। ਗੁਆਂਢੀ ਸੂਬੇ ਹਰਿਆਣਾ ਦੇ ਸਿਹਤ ਮੰਤਰੀ ਨੇ ਵੀ ਕੈਪਟਨ ਸਰਕਾਰ ਦੇ ਇਸ ਕਾਰਨਾਮੇ 'ਤੇ ਖਾਸੀ ਕਿਰਕਿਰੀ ਕੀਤੀ ਹੈ।


ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਇਸ ਵਿਵਾਦਿਤ ਹੁਕਮ ਤੋਂ ਸਾਫ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਪੁਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਪ੍ਰੈਸ ਵਾਰਤਾ ਵਿੱਚ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।


38 ਕਰੋੜ ਰੁਪਏ ਦਾ ਮੁਨਾਫਾ ਕਮਾਉਣ 'ਚ ਲੱਗੀ ਕਾਂਗਰਸ


ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦਿਆਂ ਭਾਜਪਾ ਨੇਤਾ ਨੇ ਕਿਹਾ ਕਿ ਉਹ ਕੋਰੋਨਾ ਵੈਕਸੀਨ ਦੀ ਕਮੀ ਪੂਰੀ ਕਰਨ ਲਈ ਲਗਾਤਾਰ ਮੋਦੀ ਸਰਕਾਰ ਉੱਪਰ ਸਵਾਲ ਚੁੱਕਦੇ ਹਨ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਟੀਕੇ ਵੇਚ ਕੇ 38 ਕਰੋੜ ਰੁਪਏ ਤੱਕ ਦਾ ਮੁਨਾਫਾ ਕਮਾਉਣ ਵਿੱਚ ਲੱਗੀ ਹੋਈ ਹੈ। ਪੁਰੀ ਨੇ ਸੂਬਾ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਇਸ ਵਿਕਰੀ ਵਿੱਚ ਹੋਏ ਮੁਨਾਫੇ ਦੀ ਰਕਮ ਕਿੱਥੇ ਗਈ ਅਤੇ ਇਸ ਖਜ਼ਾਨੇ ਦੀ ਚਾਬੀ ਕਿਸ ਕੋਲ ਹੈ।


ਨਿੱਜੀ ਹਸਪਤਾਲਾਂ ਨੂੰ 1,000 ਰੁਪਏ ਵਿੱਚ ਵੇਚੇ ਟੀਕੇ


ਪੰਜਾਬ ਸਰਕਾਰ ਦੇ ਆਦੇਸ਼ ਦਾ ਹਵਾਲਾ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 309 ਰੁਪਏ ਦੀ ਦਰ ਨਾਲ ਕੋਵੀਸ਼ੀਲਡ ਦੀ ਇੱਕ ਖੁਰਾਕ ਖਰੀਦੀ ਅਤੇ ਉਸ ਨੂੰ ਨਿੱਜੀ ਹਸਪਤਾਲ ਨੂੰ 1,000 ਰੁਪਏ ਵਿੱਚ ਵੇਚਿਆਂ ਅਤੇ ਫਿਰ ਹਸਪਤਾਲਾਂ ਨੇ ਲਾਭਪਾਤਰੀਆਂ ਤੋਂ 1,560 ਰੁਪਏ ਵਸੂਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਦੇ ਦੋ ਨਿੱਜੀ ਹਸਪਤਾਲਾਂ ਨੇ ਕੋਵਿਡ ਟੀਕੇ 3,000 ਤੋਂ ਲੈ ਕੇ 3,200 ਰੁਪਏ ਤੱਕ ਦੀ ਕੀਮਤ 'ਤੇ ਵੇਚੇ ਹਨ। ਪੁਰੀ ਨੇ ਕਿਹਾ ਕਿ ਜੇਕਰ ਦਾਲ ਵਿੱਚ ਕੁਝ ਕਾਲਾ ਸੀ ਤਾਂਹੀਓਂ ਪੰਜਾਬ ਸਰਕਾਰ ਨੇ ਆਦੇਸ਼ ਵਾਪਸ ਲਿਆ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਇਸੇ ਮਸਲੇ 'ਤੇ ਪੰਜਾਬ ਸਰਕਾਰ ਉੱਪਰ ਸਵਾਲ ਚੁੱਕੇ ਸਨ।