ਅਹਿਮਦਾਬਾਦ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਪਹਿਲੀ ਵਾਰ ਆਪਣੇ ਮੁੰਡੇ ਜੈਅ ਸ਼ਾਹ ਦੀ ਕੰਪਨੀ 'ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੱਤਾ। ਇੱਕ ਟੀਵੀ ਚੈਨਲ ਨਾਲ ਗੱਲਬਾਤ 'ਚ ਅਮਿਤ ਸ਼ਾਹ ਨੇ ਕਿਹਾ ਕਿ ਕੰਪਨੀ ਨੇ ਸਰਕਾਰ ਨਾਲ ਕੋਈ ਕਾਰੋਬਾਰ ਨਹੀਂ ਕੀਤਾ। ਕੋਈ ਸਰਕਾਰੀ ਜ਼ਮੀਨ ਨਹੀਂ ਲਈ ਤੇ ਨਾ ਹੀ ਕੋਈ ਠੇਕਾ ਲਿਆ। ਇਹ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂ ਹੈ। ਜੇਕਰ ਕਾਂਗਰਸ ਕੋਲ ਇਸ ਮਾਮਲੇ 'ਚ ਕੋਈ ਸਬੂਤ ਹੈ ਤਾਂ ਉਹ ਅਦਾਲਤ 'ਚ ਪੇਸ਼ ਕਰੇ। ਅਮਿਤ ਸ਼ਾਹ ਨੇ ਉਲਟਾ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, "ਆਜ਼ਾਦੀ ਤੋਂ ਬਾਅਦ 70 ਸਾਲ 'ਚ ਕਾਂਗਰਸ 'ਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗੇ ਹਨ। ਕੀ ਉਨ੍ਹਾਂ ਕਦੇ ਡੈਫਾਮੇਸ਼ਨ ਦਾ ਕੇਸ ਦਾਇਰ ਕੀਤਾ। ਸ਼ਾਹ ਨੇ ਪੂਰੇ ਮਾਮਲੇ 'ਤੇ ਪਹਿਲੀ ਵਾਰ ਗੱਲ ਕੀਤੀ। ਸ਼ਾਹ ਨੇ ਕਿਹਾ, "ਜੈਅ ਦੀ ਕੰਪਨੀ ਕੰਮੋਡਿਟੀ ਐਕਸਪੋਰਟ ਦਾ ਬਿਜਨੈਸ ਕਰਦੀ ਹੈ। ਇਸ ਕੰਪਨੀ ਦਾ ਟਰਨਓਵਰ 5,000 ਤੋਂ ਵੱਧ ਕੇ 80 ਕਰੋੜ ਰੁਪਏ ਤੱਕ ਪੁੱਜਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟਰਨਓਵਰ ਤੇ ਮੁਨਾਫੇ 'ਚ ਫਰਕ ਹੁੰਦਾ ਹੈ। ਕੰਪਨੀ ਕੰਮੋਡਿਟੀ ਦੇ ਐਕਸਪੋਰਟ ਤੇ ਇੰਪੋਰਟ ਦਾ ਕਾਰੋਬਾਰ ਕਰਦੀ ਹੈ। ਇਸ ਲਈ ਉਸ ਦਾ ਇੰਨਾ ਵੱਡਾ ਟਰਨਓਵਰ ਹੈ।