ਮੱਧ ਪ੍ਰਦੇਸ਼: ਹਿੰਦੀ ਬੈਲਟ ਦੇ ਤਿੰਨ ਸੂਬਿਆਂ ਵਿੱਚ ਜਿੱਤ ਹਾਸਲ ਕਰਨ ਬਾਅਦ ਕਾਂਗਰਸ ਪੂਰੇ ਉਤਸ਼ਾਹ ਵਿੱਚ ਨਜ਼ਰ ਆ ਰਹੀ ਹੈ। ਪਾਰਟੀ ਲੀਡਰ ਰੱਜ ਕੇ ਜਸ਼ਨ ਮਨਾ ਰਹੇ ਹਨ। ਮੱਧ ਪ੍ਰਦੇਸ਼ ਵਿੱਚ 15 ਸਾਲਾਂ ਬਾਅਦ ਕਾਂਗਰਸ ਨੂੰ ਸੱਤਾ ਮਿਲੇਗੀ। ਇਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਿਓਤੀਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਬੀਜੇਪੀ ਨੇ ਸਿਰਫ ਮੱਧ ਪ੍ਰਦੇਸ਼ ਵਿੱਚ 200 ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ, ਪਰ ਉਹ ਪੂਰੇ ਪੰਜ ਸੂਬਿਆਂ ਨੂੰ ਮਿਲਾ ਕੇ ਵੀ ਇੰਨੀਆਂ ਸੀਟਾਂ ਨਹੀਂ ਜਿੱਤ ਸਕੀ।
ਸਿੰਧਿਆ ਨੇ ਸ਼ਿਵਰਾਜ ਸਿੰਘ ਨੂੰ ਕਿਹਾ ਕਿ ਉਹ ਹੁਣ ਮਾਫ ਕਰ ਦੇਣ, ਹੁਣ ਲੋਕਾਂ ਦਾ ਰਾਜ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਭ੍ਰਿਸ਼ਟਾਚਾਰ ਦੀ ਸਰਕਾਰ ਉਖਾੜਨ ਦਾ ਸੀ। ਉਹ ਸ਼ਿਵਰਾਜ ਸਰਕਾਰ ਨੂੰ 15 ਸਾਲਾਂ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸ਼ਿਵਰਾਜ ਕਹਿ ਰਹੇ ਸੀ ਕਿ ਹੁਣ ਦੀ ਵਾਰ 200 ਪਾਰ ਪਰ ਪੰਜ ਸੂਬਿਆਂ ਨੂੰ ਮਿਲਾ ਕੇ ਵੀ 200 ਸੀਟਾਂ ਪੂਰੀਆਂ ਨਹੀਂ ਹੋਈਆਂ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜ਼ੋਰਮ ਤੇ ਤੇਲੰਗਾਨਾ ਵਿਧਾਨ ਸਭਾ ਦੀਆਂ ਕੁੱਲ 678 ਸੀਟਾਂ ਵਿੱਚੋਂ 199 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਬੀਜੇਪੀ ਨੇ ਛੱਤੀਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਸੱਤਾ ਗਵਾ ਦਿੱਤੀ ਹੈ। ਤਿੰਨਾਂ ਵੱਡੇ ਸੂਬਿਆਂ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ।
ਪੰਜਾਂ ਸੂਬਿਆਂ ਵਿੱਚ ਕਾਂਗਰਸ ਨੂੰ 305 ਸੀਟਾਂ ਮਿਲੀਆਂ ਹਨ। ਇਕੱਲੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਕੁੱਲ 230 ਸੀਟਾਂ ਵਿੱਚੋਂ 2013 ਦੇ ਮੁਕਾਬਲੇ ਕਾਂਗਰਸ ਨੂੰ 56 ਸੀਟਾਂ ਦਾ ਫਾਇਦਾ ਹੋਇਆ। ਪਿਛਲੀ ਵਾਰ ਪਾਰਟੀ ਨੂੰ ਸਿਰਫ 58 ਸੀਟਾਂ ਹੀ ਮਿਲੀਆਂ ਸੀ ਪਰ ਇਸ ਵਾਰ ਪਾਰਟੀ ਨੇ 114 ਸੀਟਾਂ ’ਤੇ ਕਬਜ਼ਾ ਕੀਤਾ। ਉੱਧਰ ਬੀਜੇਪੀ ਨੂੰ 56 ਸੀਟਾਂ ਦਾ ਨੁਕਸਾਨ ਹੋਇਆ।