ਚੰਡੀਗੜ੍ਹ: ਮੱਧ ਪ੍ਰਦੇਸ਼ ਵਿੱਚ ਪੂਰਨ ਬਹੁਮਤ ਤੋਂ ਖੁੰਝੀ ਕਾਂਗਰਸ ਨਾਲ ਸਰਕਾਰ ਬਣਾਉਣ ਲਈ ਬਹੁਜਨ ਸਮਾਜ ਪਾਰਟੀ ਅੱਗੇ ਆ ਗਈ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਦੀ ਮਦਦ ਕਰਨ ਲਈ ਰਾਜ਼ੀ ਹੈ।


ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਵੋਟਾਂ ਦੀ ਗਿਣਤੀ ਜਾਰੀ ਸੀ, ਜੋ ਕੁਝ ਸਮਾਂ ਪਹਿਲਾਂ ਹੀ ਪੂਰੀ ਹੋਈ ਹੈ। ਕਾਂਗਰਸ ਬਹੁਮਤ ਤੋਂ ਦੋ ਸੀਟਾਂ ਪੱਛੜ ਗਈ ਹੈ, ਜਦਕਿ ਭਾਜਪਾ ਨੂੰ 109 ਸੀਟਾਂ ਹਾਸਲ ਹੋਈਆਂ ਹਨ। ਹੁਣ ਕਾਂਗਰਸ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਕੇ ਸੂਬੇ ਵਿੱਚ ਸਰਕਾਰ ਦਾ ਗਠਨ ਕਰ ਸਕਦੀ ਹੈ।


ਬਸਪਾ ਨੇ ਦੋ ਤੇ ਸਪਾ ਨੇ ਇੱਕ ਸੀਟ ਹਾਸਲ ਕੀਤੀ ਹੈ ਜਦਕਿ ਐਮਪੀ ਦੀਆਂ 230 ਸੀਟਾਂ ਵਿੱਚੋਂ ਚਾਰ ਆਜ਼ਾਦ ਉਮੀਦਵਾਰ ਵੀ ਜੇਤੂ ਹੋਏ ਹਨ ਅਤੇ ਸਰਕਾਰ ਬਣਾਉਣ ਲਈ 116 ਸੀਟਾਂ ਹੋਣੀਆਂ ਜ਼ਰੂਰੀ ਹਨ। ਰਾਜਪਾਲ ਆਨੰਦੀਬੇਨ ਪਟੇਲ ਨੇ ਕਾਂਗਰਸ ਨੂੰ ਦੁਪਹਿਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸਮਾਂ ਦਿੱਤਾ ਹੈ।