ਚੰਡੀਗੜ੍ਹ: ਪੰਜਾਬ ’ਚ ਜੀਓ ਦੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਤੇ ਬੀਜੇਪੀ ਨੇ ਸਖਤ ਰੋਸ ਪ੍ਰਗਟਾਇਆ ਹੈ। ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ‘ਅਰਬਨ ਨਕਸਲੀ’ ਖੁੱਲ੍ਹੇ ਘੁੰਮ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ’ਚ ਨਾਕਾਮ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ‘ਪਿਛਲੇ ਕੁਝ ਸਮੇਂ ਦੌਰਾਨ ਸੜਕਾਂ ਤੇ ਰੇਲ ਪਟੜੀਆਂ ਨੂੰ ਰੋਕਿਆ ਗਿਆ, ਟੋਲ-ਪਲਾਜ਼ਾ ਬੰਦ ਕਰਵਾਏ ਗਏ, ਮੋਬਾਈਲ ਟਾਵਰਾਂ ਦੀ ਤੋੜ-ਭੰਨ ਕੀਤੀ ਜਾ ਰਹੀ ਹੈ ਪਰ ਪੁਲਿਸ ਅਜਿਹੀਆਂ ਤਬਾਹਕੁੰਨ ਤਾਕਤਾਂ ਵਿਰੁੱਧ ਕੁਝ ਵੀ ਕਰਨ ਤੋਂ ਨਾਕਾਮ ਰਹੀ ਹੈ।’


ਤਰੁਣ ਚੁੱਘ ਨੇ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਅੰਦੋਲਨ ਦੇ ਨਾਂ ’ਤੇ ਨਕਸਲੀ ਤਾਕਤਾਂ ਰਾਜ ਵਿੱਚ ਖੁੱਲ੍ਹੀਆਂ ਘੁੰਮ ਰਹੀਆਂ ਹਨ। ਉਨ੍ਹਾਂ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅਜਿਹੇ ਵਿਨਾਸ਼ਕਾਰੀ ਤੱਤ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਨਾ ਕਰ ਸਕਣ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਹਾਲਤ ਹੁਣ ਬਿਲਕੁਲ ਉਹੋ ਜਿਹੀ ਬਣਦੀ ਜਾ ਰਹੀ ਹੈ, ਜਿਹੋ ਜਿਹੀ ਛੱਤੀਸਗੜ੍ਹ ਤੇ ਝਾਰਖੰਡ ਦੇ ਕੁਝ ਇਲਾਕਿਆਂ ਦੀ ਬਣੀ ਹੋਈ ਹੈ।

ਉੱਧਰ ਭਾਜਪਾ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਨੂੰ ਲਿਖੀ ਇੱਕ ਖੁੱਲ੍ਹੀ ਚਿੱਠੀ ਵਿੱਚ ਦੋਸ਼ ਲਾਇਆ ਕਿ ਉਂਝ ਵੀ ਮੁੱਖ ਮੰਤਰੀ ਨਾਕਾਮ ਰਹੇ ਹਨ ਪਰ ਹੁਣ ਉਹ ਕਥਿਤ ਅਪਰਾਧਕ ਤੱਤਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ‘ਉਹ ਅਆਪਣੇ ਸਿਆਸੀ ਵਿਰੁੱਧ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਹਨ ਤੇ ਸੂਬੇ ਨੂੰ ਸਿਆਸੀ ਹਿੰਸਾ ਦੇ ਦਿਨਾਂ ਵੱਲ ਵਾਪਸ ਧੱਕ ਰਹੇ ਹਨ।’

ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸਾਨਾਂ ਲਈ ਕਈ ਤਰ੍ਹਾਂ ਦੀ ‘ਭੱਦੀ ਸ਼ਬਦਾਵਲੀ’ ਵਰਤ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਬੰਦ ਕਰੇ ਤੇ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਸਮਝੇ। ਉਨ੍ਹਾਂ ਕਿਹਾ ਕਿ ਬੀਜੇਪੀ ਲੀਡਰ ਇਨਸਾਫ਼ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ‘ਸ਼ਹਿਰੀ ਨਕਸਲੀ’, ‘ਖਾਲਿਸਤਾਨੀ’ ਤੇ ‘ਬਦਮਾਸ਼’ ਜਿਹੇ ਨਾਵਾਂ ਨਾਲ ਸੰਬੋਧਨ ਕਰ ਕੇ ਬਦਨਾਮ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਵਾਲੇ ਨਾਗਰਿਕਾਂ ਨੂੰ ਨਕਸਲੀ ਤੇ ਅਤਿਵਾਦੀ ਦੱਸਦੀ ਹੋਵੇ, ਉਸ ਪਾਰਟੀ ਕੋਲ ਇਨ੍ਹਾਂ ਨਾਗਰਿਕਾਂ ’ਤੇ ਸ਼ਾਸਨ ਕਰਨ ਦਾ ਵੀ ਕੋਈ ਹੱਕ ਨਹੀਂ।