ਨਵੀਂ ਦਿੱਲੀ: ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 67 ਸਾਲ ਦੀ ਉਮਰ ‘ਚ ਆਪਣੇ ਆਖਰੀ ਸਾਹ ਲਏ। ਛੇ ਅਗਸਤ ਨੂੰ ਉਨ੍ਹਾਂ ਨੇ ਦਿੱਲੀ ਦੇ ਏਮਜ਼ ‘ਚ ਆਪਣੇ ਅੰਤਮ ਸਾਹ ਲਏ। ਬੀਜੇਪੀ ਦੇ ਤਾਕਤਵਰ ਨੇਤਾਵਾਂ ‘ਚ ਸ਼ਾਮਲ ਰਹੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੇ ਦਮਦਾਰ ਭਾਸ਼ਨ ਸ਼ੈਲ਼ੀ ਲਈ ਜਾਣਿਆ ਜਾਂਦਾ ਸੀ। ਮੋਦੀ ਸਰਕਾਰ-1 ‘ਚ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਇਸ ਦੌਰਾਨ ਉਸ ਨੇ ਭਾਰਤੀਆਂ ਲਈ ਜਿਸ ਤਰ੍ਹਾਂ ਕੰਮ ਕੀਤਾ, ਉਸ ਲਈ ਉਸ ਦੀ ਤਾਰੀਫ ਹੁੰਦੀ ਰਹੀ। ਪੀਐਮ ਮੋਦੀ ਨੇ ਸੁਸ਼ਮਾ ਦੀ ਮੌਤ ‘ਤੇ ਦੁਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਕਰੋੜਾਂ ਲੋਕਾਂ ਲਈ ਪ੍ਰੇਰਣਾ ਸੀ।




ਸੁਸ਼ਮਾ ਸਵਰਾਜ ਕਾਫੀ ਛੋਟੀ ਉਮਰ ‘ਚ ਹੀ ਏਬੀਵੀਪੀ ਨਾਲ ਜੁੜੀ ਸੀ। ਉਨ੍ਹਾਂ ਨੇ ਜੇਪੀ ਦੇ ਅੰਦੋਲਨ ‘ਚ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਐਮਰਜੈਂਸੀ ਤੋਂ ਬਾਅਦ ਉਹ ਜਨਤਾ ਪਾਰਟੀ ਦੀ ਮੈਂਬਰ ਬਣ ਗਈ ਸੀ। 1977 ਤੋਂ 1982 ‘ਚ ਹਰਿਆਣਾ ਵਿਧਾਨ ਸਭਾ ਦੀ ਮੈਂਬਰ ਵੀ ਰਹੀ। ਉਨ੍ਹਾਂ ਨੇ 25 ਸਾਲ ਦੀ ਉਮਰ ‘ਚ ਅੰਬਾਲਾ ਕੈਂਟ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਤੇ 27 ਸਾਲ ਦੀ ਉਮਰ ‘ਚ ਉਹ ਜਨਤਾ ਪਾਰਟੀ ਦੀ ਹਰਿਆਣਾ ਸੂਬੇ ਦੀ ਪ੍ਰਧਾਨ ਬਣੀ। 1987 ਤੋਂ 90 ਦੌਰਾਨ ਉਹ ਬੀਜੇਪੀ-ਲੋਕ ਦਲ ਦੀ ਗਠਬੰਧਨ ਸਰਕਾਰ ‘ਚ ਸਿੱਖਿਆ ਮੰਤਰੀ ਰਹੀ।

1990 ‘ਚ ਸੁਸ਼ਮਾ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। 1996 ‘ਚ ਉਨ੍ਹਾਂ ਨੇ ਦੱਖਣੀ ਦਿੱਲੀ ਤੋਂ ਮੈਂਬਰ ਚੁਣੀ ਗਈ ਜਿਸ ਤੋਂ ਬਾਅਦ ਉਹ 13 ਦਿਨ ਦੀ ਵਾਜਪਾਈ ਸਰਕਾਰ ‘ਚ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੀ। 1998 ‘ਚ ਉਸ ਨੇ ਫੇਰ ਤੋਂ ਦੱਖਣੀ ਦਿੱਲੀ ਦੀ ਸੀਟ ਜਿੱਤੀ। ਇਸ ਦੌਰਾਨ ਸੂਚਨਾ ਮੰਤਰਾਲਾ ਦੇ ਨਾਲ ਉਸ ਨੂੰ ਦੂਰਸੰਚਾਰ ਵਿਭਾਗ ਵੀ ਮਿਲਿਆ ਤੇ ਇਸ ਸਮੇਂ ਉਸ ਨੇ ਫ਼ਿਲਮ ਇੰਡਸਟਰੀ ਨੂੰ ਉਦਯੋਗ ਐਲਾਨ ਦਿੱਤਾ ਸੀ। ਇਸ ਨਾਲ ਫ਼ਿਲਮ ਪ੍ਰੋਡਿਊਸਰਾਂ ਨੂੰ ਬੈਂਕਾਂ ਤੋਂ ਕਰਜ਼ਾ ਮਿਲਣ ‘ਚ ਆਸਾਨੀ ਹੋ ਗਈ ਸੀ।



ਇਸ ਤੋਂ ਬਾਅਦ 12 ਅਕਤੂਬਰ 1998 ਨੂੰ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਾੀ। 3 ਦਸੰਬਰ, 1998 ਨੂੰ ਉਸ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਇੱਕ ਵਾਰ ਫੇਰ ਰਾਸ਼ਟਰੀ ਰਾਜਨੀਤੀ ‘ਚ ਛਾਲ ਮਾਰੀ। ਉਨ੍ਹਾਂ ਨੇ 1999 ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਕਰਨਾਟਕ ਤੋਂ ਚੋਣ ਲੜੀ ਸੀ ਜਿਸ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2000 ‘ਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਯੂਪੀ ਤੇ ਉੱਤਰਾਖੰਡ ਵੰਡ ਹੋਈ ਜਿਸ ‘ਚ ਉਸ ਨੂੰ ਉੱਤਰਾ ਖੰਡ ਭੇਜ ਦਿੱਤਾ ਗਿਆ।

2003 ‘ਚ ਉਨ੍ਹਾਂ ਨੂੰ ਸਿਹਤ, ਪਰਿਵਾਰ ਕਲਿਆਣ ਤੇ ਸੰਸਦੀ ਮਾਮਲਿਆਂ ‘ਚ ਮੰਤਰੀ ਬਣਾਇਆ ਗਿਆ। ਉਹ ਇਸ ਅਹੁਦੇ ‘ਤੇ 2004 ਤਕ ਰਹੀ। 15ਵੀਂ ਲੋਕ ਸਭਾ ‘ਚ ਉਸ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਵਿਰੋਧੀ ਨੇਤਾ ਬਣਾਇਆ ਗਿਆ। 2014 ‘ਚ ਮੋਦੀ ਸਰਕਾਰ ਦੀ ਜਿੱਤ ਦੇ ਨਾਲ ਉਸ ਨੂੰ ਭਾਰਤ ਦੀ ਪਹਿਲੀ ਵਿਦੇਸ਼ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ 2019 ‘ਚ ਮੋਦੀ ਸਰਕਾਰ ਦੀ ਵਾਪਸੀ ਦੌਰਾਨ ਉਸ ਨੇ ਸਿਹਤ ਕਾਰਨਾਂ ਕਰਕੇ ਕਿਸੇ ਵੀ ਅਹੁਦੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।