ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਮੌਤ ਹੋ ਗਈ। ਉਹ 67 ਵਰ੍ਹਿਆਂ ਦੇ ਸਨ। ਸੁਸ਼ਮਾ ਨੂੰ ਬੀਤੀ ਰਾਤ ਸਾਢੇ ਕੁ ਨੌਂ ਵਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਲਿਆਂਦਾ ਗਿਆ। ਉਨ੍ਹਾਂ ਨੂੰ ਸਿੱਧੇ ਐਮਰਜੈਂਸੀ ਵਾਰਡ ਵਿੱਚ ਭੇਜਿਆ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।


ਮੰਗਲਵਾਰ ਰਾਤ ਤਕਰੀਬਨ ਸਾਢੇ 12 ਵਜੇ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਗ੍ਰਹਿ ਵਿੱਚ ਲਿਜਾਇਆ ਗਿਆ। ਬੁੱਧਵਾਰ ਸਵੇਰੇ ਅੱਠ ਤੋਂ 11 ਵਜੇ ਤਕ ਅੰਤਮ ਦਰਸ਼ਨ ਕੀਤਾ ਜਾ ਸਕੇਗਾ। ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।


ਸਿਆਸਤਦਾਨਾਂ ਦੇ ਨਾਲ-ਨਾਲ ਕਈ ਧਾਰਮਿਕ, ਸਮਾਜਕ ਆਗੂ ਤੇ ਉੱਘੀਆਂ ਸ਼ਖ਼ਸੀਅਤਾਂ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੀਆਂ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਹਰਸ਼ਵਰਧਨ ਸਮੇਤ ਕਈ ਸੀਨੀਅਰ ਨੇਤਾ ਏਮਜ਼ ਪਹੁੰਚੇ ਸਨ।


ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 12 ਤੋਂ ਤਿੰਨ ਵਜੇ ਤਕ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਭਾਜਪਾ ਦਫ਼ਤਰ ਵਿੱਚ ਲਿਆਂਦਾ ਜਾਵੇਗਾ। ਇਸ ਉਪਰੰਤ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।


ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਅਤੇ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸੁਸ਼ਮਾ ਸਵਰਾਜ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ।