ਚੰਡੀਗੜ੍ਹ: ਸਾਲ 2013 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਵੋਟ ਪਾਉਣ ਲਈ ਚੋਣ ਵਿਕਲਪ ਬਣੇ ਨੋਟਾ ਯਾਨੀ ਇਨ੍ਹਾਂ ਵਿੱਚੋਂ ਕੋਈ ਨਹੀਂ (None of the Above- NOTA) ਨੇ ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਖਾਸਾ ਨੁਕਸਾਨ ਕੀਤਾ ਹੈ। ਜੇਕਰ 'ਨੋਟਾ' ਵਾਲੇ ਖਾਤੇ ਵਿੱਚ ਗਈਆਂ ਵੋਟਾਂ ਭਾਜਪਾ ਨੂੰ ਪੈਂਦੀਆਂ ਤਾਂ ਮੱਧ ਪ੍ਰਦੇਸ਼ ਵਿੱਚ ਪਾਰਟੀ ਸਰਕਾਰ ਬਣਾ ਸਕਦੀ ਸੀ।

ਚੋਣ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਐਮਪੀ ਵਿੱਚ ਭਾਜਪਾ ਨੇ 121 ਤੋਂ ਲੈਕੇ 932 ਵੋਟਾਂ ਦੇ ਫਰਕ ਨਾਲ ਹੀ ਸੱਤ ਸੀਟਾਂ ਗਵਾਈਆਂ ਹਨ। ਚੋਣ ਕਮਿਸ਼ਨ ਮੁਤਾਬਕ ਸੂਬੇ ਵਿੱਚ ਕੁੱਲ 5,42,295 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ, ਜੋ ਕਿ ਕੁੱਲ ਵੋਟ ਫ਼ੀਸਦ ਦਾ 1.4 ਫ਼ੀਸਦ ਬਣਦਾ ਹੈ ਅਤੇ ਬੀਜੇਪੀ ਦੀਆਂ ਸੱਤ ਸੀਟਾਂ ਜਿੱਤਣ ਲਈ ਇਹ ਕਾਫੀ ਸੀ।

ਉਦਾਹਰਣ ਵਜੋਂ ਗਵਾਲੀਅਰ ਦੱਖਣੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਉਮੀਦਵਾਰ ਪਰਨੀਨ ਪਾਠਕ ਨੇ ਸਾਬਕਾ ਭਾਜਪਾ ਮੰਤਰੀ ਨਰਾਇਣ ਸਿੰਘ ਕੁਸ਼ਵਾਹਾ ਨੂੰ ਸਿਰਫ਼ 121 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਜਦਕਿ, ਇਸ ਹਲਕੇ ਵਿੱਚ 1,550 ਵੋਟਾਂ ਨੋਟਾ ਨੂੰ ਪਈਆਂ ਹਨ। ਅਜਿਹਾ ਹੀ ਰੁਝਾਨ ਸੁਵਾਰਸਾ, ਜਬਲਪੁਰ-ਉੱਤਰੀ, ਰਾਜਨਗਰ, ਦਮੋਹ, ਬਿਓਰਾ ਅਤੇ ਰਾਜਪੁਰ ਸੀਟਾਂ 'ਤੇ ਵੇਖਣ ਨੂੰ ਮਿਲਿਆ ਜਿੱਥੇ 350 ਵੋਟਾਂ ਤੋਂ ਲੈਕੇ 932 ਵੋਟਾਂ ਦੇ ਫਰਕ ਨਾਲ ਭਾਜਪਾਈ ਉਮੀਦਵਾਰ ਹਾਰੇ, ਪਰ ਨੋਟਾ ਨੂੰ 3,358 ਲੋਕਾਂ ਨੇ ਚੁਣਿਆ।