ਨਵੀਂ ਦਿੱਲੀ: ਸਾਲ 2019 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਤਿੰਨ ਵੱਡੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਤਿੰਨਾ ਸੂਬਿਆਂ ਦੀ ਜਨਤਾ ਦਾ ਮੂਡ ਜਾਣਨ ਲਈ 'ਏਬੀਪੀ ਨਿਊਜ਼' ਲਈ 'ਸੀ-ਵੋਟਰ' ਨੇ ਸਰਵੇਖਣ ਕੀਤਾ।
ਇਨ੍ਹਾਂ ਸਰਵੇਖਣਾਂ ਵਿੱਚ ਜਿੱਥੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ, ਉੱਥੇ ਹੀ ਕੇਂਦਰ ਵਿੱਚ ਇਨ੍ਹਾਂ ਰਾਜਾਂ ਤੋਂ ਮੋਦੀ ਨੂੰ ਹਮਾਇਤ ਮਿਲ ਸਕਦੀ ਹੈ। ਤਿੰਨਾਂ ਸੂਬਿਆਂ ਵਿੱਚੋਂ 27,968 ਲੋਕਾਂ ਤੋਂ ਰਾਏ ਜਾਣਨ ਤੋਂ ਬਾਅਦ ਇਹ ਸਰਵੇਖਣ ਤਿਆਰ ਕੀਤਾ ਗਿਆ ਹੈ। ਲੋਕਾਂ ਤੋਂ ਇਸੇ ਸਾਲ ਪਹਿਲੀ ਜੂਨ ਤੋਂ ਲੈ ਕੇ 10 ਅਗਸਤ ਤਕ ਜਵਾਬ ਲਏ ਗਏ ਤੇ ਸਰਵੇਖਣ ਤਿਆਰ ਕੀਤਾ ਗਿਆ।
ਮੱਧ ਪ੍ਰਦੇਸ਼ ਵਿੱਚ ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਕਾਂਗਰਸ ਤੇ ਭਾਜਪਾ ਦਰਮਿਆਨ ਕਾਂਟੇ ਦੀ ਟੱਕਰ ਹੈ ਪਰ ਬੀਜੇਪੀ ਨਾਲੋਂ ਕਾਂਗਰਸ ਜ਼ਿਆਦਾ ਵੋਟ ਫ਼ੀਸਦ ਹਾਸਲ ਕਰਨ ਵਿੱਚ ਕਾਮਯਾਬ ਹੁੰਦੀ ਵਿਖਾਈ ਦੇ ਰਹੀ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਮੱਧ ਪ੍ਰਦੇਸ਼ ਦੀਆਂ ਕੁੱਲ 230 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਹਿੱਸੇ 117, ਭਾਜਪਾ ਹਿੱਸੇ 106 ਤੇ ਹੋਰਾਂ ਕੋਲ ਸੱਤ ਸੀਟਾਂ ਆਉਣ ਦੀ ਆਸ ਹੈ। ਸਰਵੇਖਣ ਮੁਤਾਬਕ ਕਾਂਗਰਸ ਨੂੰ 42% ਵੋਟਾਂ ਪੈ ਸਕਦੀਆਂ। ਭਾਰਤੀ ਜਨਤਾ ਪਾਰਟੀ ਨੂੰ 40% ਵੋਟਾਂ ਪੈਣ ਦੀ ਸੰਭਾਵਨਾ ਹੈ ਜਦਕਿ ਹੋਰਾਂ ਨੂੰ 18 % ਵੋਟਾਂ ਪੈਣ ਦੀ ਆਸ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 116 ਸੀਟਾਂ ਲੋੜੀਂਦੀਆਂ ਹਨ।
ਅੱਗੇ ਛੱਤੀਸਗੜ੍ਹ ਵਿੱਚ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਹਾਲਾਂਕਿ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸੀਟਾਂ ਦੇ ਮਾਮਲੇ ਵਿੱਚ ਕਾਂਗਰਸ, ਬੀਜੇਪੀ ਤੋਂ ਕਾਫੀ ਅੱਗੇ ਹੋ ਸਕਦੀ ਹੈ ਪਰ ਦੋਵਾਂ ਦੇ ਵੋਟ ਪ੍ਰਤੀਸ਼ਤ ਵਿੱਚ ਸਿਰਫ਼ ਇੱਕ ਫ਼ੀਸਦ ਦਾ ਹੀ ਫਰਕ ਹੈ। ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ਵਿੱਚੋਂ ਕਾਂਗਰਸ 54 ਸੀਟਾਂ ਜਿੱਤ ਸਕਦੀ ਹੈ ਤੇ ਭਾਜਪਾ ਦੇ ਹਿੱਸੇ 33 ਸੀਟਾਂ ਆ ਸਕਦੀਆਂ ਹਨ। ਹੋਰਾਂ ਪੱਲੇ ਤਿੰਨ ਸੀਟਾਂ ਪੈਣ ਦੀ ਆਸ ਹੈ। ਵੋਟ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ 39% ਤੇ ਕਾਂਗਰਸ ਨੂੰ 40% ਵੋਟਾਂ ਪੈ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰਾਂ ਨੂੰ ਵੀ 21 % ਪੈਣ ਦੀ ਆਸ ਹੈ। ਇੱਥੇ ਸਰਕਾਰ ਬਣਾਉਣ ਲਈ 46 ਸੀਟਾਂ ਦੀ ਲੋੜ ਹੈ।
ਇਸੇ ਤਰ੍ਹਾਂ ਰਾਜਸਥਾਨ ਵਿੱਚ ਵੀ ਸੱਤਾ ਬਦਲਣ ਦੇ ਆਸਾਰ ਹਨ। ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਕਾਂਗਰਸ ਨੂੰ ਸੂਬੇ ਦੇ 51% ਲੋਕਾਂ ਦਾ ਸਮਰਥਨ ਮਿਲ ਸਕਦਾ ਹੈ। ਭਾਜਪਾ ਦੇ ਹਿੱਸੇ 37% ਤੇ ਹੋਰਾਂ ਨੂੰ 12 % ਲੋਕ ਮਜ਼ਬੂਤ ਬਣਾ ਸਕਦੇ ਹਨ। ਸਰਵੇਖਣ ਮੁਤਾਬਕ ਸੂਬੇ ਦੀਆਂ 200 ਸੀਟਾਂ ਵਿੱਚੋਂ ਕਾਂਗਰਸ ਨੂੰ 130 ਸੀਟਾਂ ਮਿਲ ਸਕਦੀਆਂ ਹਨ ਤੇ ਉੱਥੇ ਬੀਜੇਪੀ 57 ਸੀਟਾਂ ਤਕ ਹੀ ਸੁੰਗੜ ਸਕਦੀ ਹੈ। ਹੋਰਾਂ ਨੂੰ 13 ਸੀਟਾਂ ਮਿਲਣ ਦੀ ਆਸ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 101 ਸੀਟਾਂ ਮਿਲਣੀਆਂ ਚਾਹੀਦੀਆਂ ਹਨ।