ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਪਾਕਿਸਤਾਨ ਦੌਰੇ ’ਤੇ ਵਿਵਾਦ ਭਖਦਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਹੈ ਕਿ ਉਹ ਆਪਣੇ ਕੈਪਟਨ ਰਾਹੁਲ ਗਾਂਧੀ ਨੂੰ ਪੁੱਛ ਕੇ ਪਾਕਿਸਤਾਨ ਗਏ ਹਨ। ਇਸ ’ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਾਂਗਰਸ ’ਤੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਾਏ ਹਨ। ਸਾਂਪਲਾ ਨੇ ਕਿਹਾ ਕਿ ਕਾਂਗਰਸ ਆਈਐਸਆਈ ਨਾਲ ਮਿਲ ਕੇ ਕੰਮ ਕਰਦੀ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾਣਾ ਇਸ ਗੱਲ ਦੀ ਹਾਮੀ ਭਰਦਾ ਹੈ। ਉੱਧਰ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਵੀ ਕਾਂਗਰਸ ਤੇ ਸਿੱਧੂ, ਦੋਵਾਂ ’ਤੇ ਨਿਸ਼ਾਨੇ ਲਾਏ ਹਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਹਰਾਉਣ ਲਈ ਕਾਂਗਰਸ ਪਾਕਿਸਤਾਨ ਦਾ ਸਾਥ ਲੈ ਰਹੀ ਹੈ।
ਇਹ ਵੀ ਪੜ੍ਹੋ- ਰਾਹੁਲ ਦੇ ਕਹੇ ’ਤੇ ਪਾਕਿ ਗਏ ਸੀ ਸਿੱਧੂ, ਅਮਰਿੰਦਰ ਨੂੰ ‘ਕੈਪਟਨ’ ਮੰਨਣੋਂ ਕੀਤੀ ਨਾਂਹ
ਵਿਜੇ ਸਾਂਪਲਾ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਤੇ ਚੀਨ ਨਾਲ ਮਿਲ ਕੇ ਬੀਜੇਪੀ ਨੂੰ ਪਾਸੇ ਕਰਨਾ ਚਾਹੁੰਦੇ ਹਨ। ਸਿੱਧੂ ਦਾ ਮੁੱਖ ਮਕਸਦ ਸਿਰਫ ਸੱਤਾ ਹਾਸਲ ਕਰਨਾ ਹੈ। ਇਸੇ ਤਰ੍ਹਾਂ ਦਾ ਬਿਆਨ ਅਨਿਲ ਵਿਜ ਨੇ ਦਿੱਤਾ। ਉਨ੍ਹਾਂ ਕਾਂਗਰਸ ਤੇ ਸਿੱਧੂ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਤੇ ਪਾਕਿਸਤਾਨ ਦਾ ਗਠਜੋੜ ਹੋ ਗਿਆ ਹੈ ਤੇ ਮੋਦੀ ਨੂੰ ਹਰਾਉਣ ਲਈ ਕਾਂਗਰਸ ਨੇ ਸਿੱਧੂ ਨੂੰ ਦੂਤ ਬਣਾ ਕੇ ਪਾਕਿਸਤਾਨ ਭੇਜਿਆ ਹੈ।
ਵਿਜ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਦੇਸ਼ ਦੇ ਦੁਸ਼ਮਣਾਂ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ ਤੇ ਇਸੇ ਕਰਕੇ ਸਿੱਧੂ ਨੂੰ ਪਾਕਿਸਤਾਨ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸਿੱਧੂ ਨੇ ਪਾਕਿਸਤਾਨੀ ਫੌਜ ਮੁਖੀ ਨੂੰ ਜੱਫੀ ਪਾਈ ਤੇ ਇਸ ਵਾਰ ਉਹ ਭਾਰਤ ਨੂੰ ਮਿਟਾਉਣ ਦੀਆਂ ਗੱਲਾਂ ਕਰਨ ਵਾਲੇ ਗੋਪਾਲ ਚਾਵਲਾ ਨਾਲ ਫੋਟੋਆਂ ਖਿਚਵਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ।