ਨਵੀਂ ਦਿੱਲੀ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਹੇ ’ਤੇ ਪਾਕਿਸਤਾਨ ਗਏ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਕੈਪਟਨ ਸਿਰਫ ਰਾਹੁਲ ਗਾਂਧੀ ਹੈ, ਉਹੀ ਸਿੱਧੂ ਨੂੰ ਹਰ ਥਾਂ ਭੇਜਦੇ ਹਨ। ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣੋਂ ਵੀ ਇਨਕਾਰ ਕਰ ਦਿੱਤਾ। ਸਿੱਧੂ ਦਾ ਦੂਸਰੀ ਵਾਰ ਪਾਕਿਸਤਾਨ ਜਾਣਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਵਾਰ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਖ਼ਾਲਿਸਤਾਨੀ ਅੱਤਵਾਦੀ ਕਹੇ ਜਾਂਦੇ ਗੋਪਾਲ ਸਿੰਘ ਚਾਵਲਾ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।




ਸਿੱਧੂ ਨੇ ਉਕਤ ਬਿਆਨ ਬੀਤੇ ਦਿਨ ਹੈਦਰਾਬਾਦ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੇ। ਆਪਣੇ ਅੰਦਾਜ਼ ਵਿੱਚ ਸਿੱਧੂ ਨੇ ਕਿਹਾ ਕਿ ਮੈਂ ਬੈਟਸਮੈਨ ਹਾਂ, ਮੈਨੂੰ ਪਤਾ ਹੈ ਕਿਹੜੀ ਗੇਂਦ ਕਿੱਥੇ ਖੇਡਣੀ ਹੈ ਤੇ ਕਿਹੜੀ ਗੇਂਦ ਛੱਡਣੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੱਕ ਕੈਪਟਨ ਨੂੰ ਖ਼ੁਸ਼ ਕਰਦਿਆਂ ਉਹ ਦੂਜਾ ਕੈਪਟਨ ਨਾ ਨਾਰਾਜ਼ ਕਰ ਲੈਣ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੇਰੇ ਕੈਪਟਨ ਸਿਰਫ ਰਾਹੁਲ ਗਾਂਧੀ ਹਨ ਤੇ ਅਮਰਿੰਦਰ ਸਿੰਘ ਦੇ ਕੈਪਟਨ ਵੀ ਰਾਹੁਲ ਗਾਂਧੀ ਹੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੰਮ ਨੂੰ ਵੇਖਦਿਆਂ ਕਾਂਗਰਸ ਦੇ ਕਏ ਸੀਨੀਅਰ ਲੀਡਰਾਂ ਨੇ ਉਨ੍ਹਾਂ ਨੂੰ ਥਾਪੜਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਨਿੱਜੀ ਤੌਰ ’ਤੇ ਪਾਕਿਸਤਾਨ ਜਾ ਰਹੇ ਹਨ, ਇਹ ਉਨ੍ਹਾਂ ਦੀ ਆਪਣੀ ਸੋਚ ਹੈ। ਪਾਕਿਸਤਾਨ ਨਾ ਜਾਣ ਪਿੱਛੇ ਉਨ੍ਹਾਂ ਕਾਰਨ ਦਿੱਤਾ ਸੀ ਕਿ ਪਾਕਿਸਤਾਨ ਲਗਾਤਾਰ ਭਾਰਤੀ ਜਵਾਨਾਂ ਨੂੰ ਮਾਰ ਰਿਹਾ ਹੈ ਇਸ ਲਈ ਉਹ ਅਜਿਹੇ ਹਾਲਾਤਾਂ ਵਿੱਚ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਨਿਰੰਕਾਰੀ ਭਵਨ ’ਤੇ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਦਾ ਸੱਦਾ ਠੁਕਰਾ ਦਿੱਤਾ ਸੀ।