ਚੰਡੀਗੜ੍ਹ: ਰਾਧੇ ਮਾਂ ਵੱਲੋਂ ਵਾਰ-ਵਾਰ ਫ਼ੋਨ ਕਰਨ ਤੋਂ ਤੰਗ ਹੋਏ ਨੌਜਵਾਨ ਦੀ ਪੁਲਿਸ ਨੇ ਕੋਈ ਸਾਰ ਨਹੀਂ ਲਈ ਤਾਂ ਆਖ਼ਰ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਪੀੜਤ ਨੌਜਵਾਨ ਦਾ ਦਾਅਵਾ ਹੈ ਕਿ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਕਹਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਕਾਰਵਾਈ ਨਾ ਹੋਣ 'ਤੇ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਚਲਾ ਗਿਆ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੂੰ ਤਲਬ ਕਰ ਲਿਆ ਹੈ।
ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਪੁਲਿਸ ਨੂੰ ਇਸ ਸਬੰਧੀ ਸਬੂਤ ਕਾਫੀ ਸਮਾਂ ਪਹਿਲਾਂ ਦਿੱਤੇ ਗਏ ਸਨ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤਕ ਕਿ ਪੀੜਤ ਸੁਰਿੰਦਰ ਮਿੱਤਲ ਤੇ ਰਾਧੇ ਮਾਂ ਦੀ ਗੱਲਬਾਤ ਦੀ ਸੀਡੀ ਵੀ ਪੁਲਿਸ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲਿਸ ਨੇ ਰਾਧੇ ਮਾਂ ਨੂੰ ਆਪਣੀ ਆਵਾਜ਼ ਦੇ ਨਮੂਨੇ ਦੇਣ ਲਈ ਉਨ੍ਹਾਂ ਨੂੰ ਨਹੀਂ ਤਲਬ ਕੀਤਾ ਬਲਕਿ ਟੈਲੀਵਿਜ਼ਨ ਇੰਟਰਵਿਊ ਤੋਂ ਹੀ ਨਮੂਨੇ ਲੈ ਲਏ ਗਏ। ਇਹ ਮਾਮਲਾ ਅਦਾਲਤ ਵਿੱਚ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਅਦਾਲਤ ਨੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੂੰ ਅਗਲੀ ਸੁਣਵਾਈ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਰਾਧੇ ਮਾਂ ਤੇ ਸੁਰਿੰਦਰ ਮਿੱਤਲ ਦੀ ਖਿੱਚੋਤਾਣ ਕਾਫੀ ਪੁਰਾਣੀ ਹੈ। ਸਾਲ 2015 ਵਿੱਚ ਸੁਰਿੰਦਰ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਰਾਧੇ ਮਾਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਖ਼ੁਦ ਨੂੰ ਦੁਰਗਾ ਮਾਂ ਦਾ ਅਵਤਾਰ ਦੱਸਦੀ ਹੈ। ਇਸ ਸਬੰਧੀ ਉਸ ਨੇ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਵੇਗੀ। ਪਟੀਸ਼ਨਕਰਤਾ ਦਾਅਵਾ ਕਰਦਾ ਹੈ ਕਿ ਰਾਧੇ ਮਾਂ ਉਰਫ਼ ਸੁਖਵਿੰਦਰ ਕੌਰ ਦੇ ਪਰਿਵਾਰ ਦੇ ਮੈਂਬਰ ਅਪਰਾਧਕ ਗਤੀਵਿਧੀਆਂ ਵਿੱਚ ਗ਼ਲਤਾਨ ਹਨ।
ਸ਼ਿਕਾਇਤਕਰਤਾ ਮੁਤਾਬਕ ਇਸੇ ਦੌਰਾਨ ਮੁੰਬਈ ਦੀ ਕਿਸੇ ਔਰਤ ਨੇ ਉਸ ਕੋਲੋਂ ਰਾਧੇ ਮਾਂ ਖ਼ਿਲਾਫ਼ ਸਬੂਤ ਮੰਗੇ ਕਿਉਂਕਿ ਉਹ ਉਸ ਨੂੰ ਤੇ ਉਸ ਦੇ ਪਤੀ ਨੂੰ ਤੰਗ ਕਰਦੀ ਹੈ। ਸੁਰਿੰਦਰ ਮੁਤਾਬਕ ਰਾਧੇ ਮਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਸ ਨੇ ਇੱਕ ਦਿਨ ਤੜਕੇ ਚਾਰ ਵਜੇ ਹੀ ਉਸ ਨੂੰ ਫ਼ੋਨ ਕਰ ਦਿੱਤਾ। ਉਸ ਨੇ ਪੁੱਛਿਆ ਕਿ ਉਸ ਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ ਤਾਂ ਸੁਰਿੰਦਰ ਨੇ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ। ਇਸ ਤੋਂ ਬਾਅਦ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਨ ਲੱਗੀ।
ਸੁਰਿੰਦਰ ਮੁਤਾਬਕ ਪਹਿਲਾਂ ਉਹ ਉਸ ਨੂੰ ਕਹਿੰਦੀ ਕਿ ਉਸ ਨੂੰ ਉਸ ਦੀ ਕਾਲਰ ਟੋਨ ਪਸੰਦ ਹੈ ਤੇ ਫਿਰ ਹੌਲੀ-ਹੌਲੀ ਉਹ ਇਹ ਵੀ ਕਹਿਣ ਲੱਗੀ ਕਿ ਉਹ ਉਸ ਨੂੰ ਵੀ ਪਸੰਦ ਕਰਦੀ ਹੈ। ਜਦ ਉਸ ਨੂੰ ਕੋਈ ਰਾਹ ਨਾ ਦਿੱਤਾ ਤਾਂ ਉਸ ਨੂੰ ਧਮਕੀਆਂ ਵੀ ਮਿਲੀਆਂ। ਇਸ ਤੋਂ ਬਾਅਦ ਸੁਰਿੰਦਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਤੋਂ ਬਾਅਦ ਉਸ ਨੇ ਅਦਾਲਤ ਦਾ ਰੁਖ਼ ਕੀਤਾ।