ਨਵੀਂ ਦਿੱਲੀ: ਟ੍ਰੇਨਾਂ ‘ਚ ਖਾਣਾ ਖਰਾਬ ਹੈ, ਰੇਲ ਸਮੇਂ ‘ਤੇ ਨਹੀਂ ਆਈ ਜਾਂ ਫੇਰ ਰੇਲ ਵਿੱਚ ਗੰਦਗੀ ਹੈ ਤਾਂ ਤੁਸੀਂ ਹੁਣ ਸਿੱਧੇ ਰੀਅਲ ਟਾਈਮ ਮਾਨੀਟਰਿੰਗ ਸਿਸਟਮ ‘ਚ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਜਿਸ ‘ਤੇ ਤੁਰੰਤ ਕਾਰਵਾਈ ਹੋਵੇਗੀ। ਵੀਰਵਾਰ ਨੂੰ ਰੇਲ ਮੰਤਰਾਲੇ ਨੇ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਹੈ। ਇਸ ਨੂੰ ਟਵਿੱਟਰ ਨਾਲ ਵੀ ਜੋੜਿਆ ਗਿਆ ਹੈ, ਜਿਸ ਨਾਲ ਸ਼ਿਕਾਇਤ ਨੂੰ ਲਾਈਵ ਦੇਖਿਆ ਜਾ ਸਕਦਾ ਹੈ। ਇਸ ਸਿਸਟਮ ਨੂੰ ‘ਈ-ਦ੍ਰਿਸ਼ਟੀ’ ਦਾ ਨਾਂ ਦਿੱਤਾ ਗਿਆ ਹੈ।


ਇਸ ਸਿਸਟਮ ਦੀ ਖਾਸ ਗੱਲ ਹੈ ਕਿ ਸ਼ਿਕਾਇਤਾਂ ਨੂੰ ਰੇਲ ਮੰਤਰੀ ਪਿਊਸ਼ ਗੋਇਲ ਖੁਦ ਮੋਨੀਟਰ ਕਰਨਗੇ। ਏਡੀਜੀ ਮੀਡੀਆ ਸਮਿਤਾ ਵਤਸ ਸ਼ਰਮਾ ਨੇ ਦੱਸਿਆ ਕਿ ਆਰਟੀਐਮਐਸ ‘ਚ ਦੇਸ਼ ਭਰ ਦੀਆਂ ਸਭ ਰੇਲਾਂ ਲਾਈਵ ਹੋਣਗੀਆਂ। ਕਿੰਨੀਆਂ ਟ੍ਰੇਨਾਂ ਲੇਟ ਹਨ, ਇਸ ਦੀ ਜਾਣਕਾਰੀ ਕਲਿਕ ‘ਚ ਅੱਪਡੇਟ ਹੋ ਜਾਵੇਗੀ।

ਇਸ ਤੋਂ ਇਲਾਵਾ ਆਈਆਰਸੀਟੀਸੀ ਦੇ ਸਾਰੇ ਬੇਸ ਕਿਚਨ ਨੂੰ ਵੀ ਲਾਈਵ ਦੇਖਿਆ ਜਾ ਸਕੇਗਾ। ਸ਼ਿਕਾਇਤਾਂ ਨੂੰ ਰੇਲ ਮੰਤਰੀ ਖੁਦ ਦੇਖਣਗੇ ਤੇ ਲਾਪ੍ਰਵਾਹੀ ਹੋਣ ‘ਤੇ ਤੁਰੰਤ ਕਾਰਵਾਈ ਹੋਵੇਗੀ।