ਅੰਮ੍ਰਿਤਸਰ: ਭਾਰਤ ਵਿੱਚ ਪਾਕਿਸਤਾਨੀ ਟੀਮ ਹਾਕੀ ਵਿਸ਼ਵ ਕੱਪ ਖੇਡਣ ਲਈ ਪੁੱਜ ਗਈ ਹੈ। ਟੀਮ ਦੇ ਅਧਿਕਾਰੀ ਵੀ ਅੱਜ ਭਾਰਤ ਪੁੱਜ ਗਏ ਹਨ। ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਸ਼ੁਰੂ ਕਰਵਾਉਣ ਤੋਂ ਬਾਅਦ ਹਾਕੀ ਮੈਚ ਦੋਵਾਂ ਦੇਸ਼ਾਂ ਦੇ ਤਲਖ਼ ਰਿਸ਼ਤਿਆਂ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰਨਗੇ।
ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਰੋਸਾ ਜਤਾਇਆ ਕਿ ਖੇਡ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਹੋ ਸਕਦੇ ਹਨ। ਨਾਲ ਹੀ ਉਨ੍ਹਾਂ ਭਾਰਤ 'ਚ ਪਾਕਿਸਤਾਨੀ ਟੀਮ ਨੂੰ ਨਜ਼ਰਅੰਦਾਜ਼ ਕਰਨ ਦਾ ਗਿਲਾ ਵੀ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ, ਭਾਰਤ ਵਿੱਚ ਹਾਕੀ ਖੇਡਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਇਸ ਵਿੱਚ ਵੱਡਾ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਦੋਵਾਂ ਦੇਸ਼ਾਂ ਦੇ ਮੌਜੂਦਾ ਖੇਡ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਿਲਹਾਲ ਹਾਕੀ ਦੇ ਆਪਸੀ ਸਬੰਧ ਵੀ ਸੁਖਾਵੇਂ ਨਹੀਂ ਹਨ।
ਉਨ੍ਹਾਂ ਨੇ ਭਾਰਤੀ ਹਕੂਮਤ 'ਤੇ ਦੋਸ਼ ਲਾਇਆ ਕਿ ਪਾਕਿਸਤਾਨ ਟੀਮ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਆਸ ਜਤਾਈ ਕਿ ਭਵਿੱਖ ਵਿੱਚ ਖੇਡ ਰਾਹੀਂ ਦੋਵਾਂ ਦੇਸ਼ਾਂ ਦੇ ਸਬੰਧ ਵੀ ਠੀਕ ਹੋ ਸਕਦੇ ਹਨ।