ਫਤਹਿਆਬਾਦ: ਸਰਕਾਰ ਨੇ ਹਰਿਆਣਾ 'ਚ ਨਹਿਰਾਂ 'ਚ ਨਹਾਉਣ 'ਤੇ ਪਾਬੰਦੀ ਲਾਈ ਹੈ ਪਰ ਦੂਜੇ ਪਾਸੇ ਹਰਿਆਣਾ ਦੇ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਖੁਦ ਹੀ ਨਹਿਰ 'ਚ ਨਹਾ ਕੇ ਕਾਨੂੰਨ ਤੋੜਿਆ ਹੈ। ਬਰਾਲਾ ਦਾ ਨਹਿਰ 'ਚ ਨਹਾਉਂਦਿਆਂ ਦਾ ਟਵਿੱਟਰ 'ਤੇ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।
ਦਰਅਸਲ ਟੋਹਾਣਾ ਤੋਂ ਬੀਜੇਪੀ ਵਿਧਾਇਕ ਸੁਭਾਸ਼ ਬਰਾਲਾ ਨੇ ਟਵਿੱਟਰ 'ਤੇ ਨਹਿਰ 'ਚ ਨਹਾਉਂਦਿਆਂ ਦਾ ਵੀਡੀਓ ਪੋਸਟ ਕੀਤਾ ਹੈ। ਇਸ ਦੇ ਨਾਲ ਹੀ 'ਹਮ ਫਿਟ ਤੋ ਇੰਡੀਆ ਫਿਟ' ਦਾ ਟੈਗ ਵੀ ਸਾਂਝਾ ਕੀਤਾ ਹੈ। ਇਹ ਪੋਸਟ ਨਰਿੰਦਰ ਮੋਦੀ, ਅਮਿਤ ਸ਼ਾਹ, ਐਮਐਲ ਖੱਟਰ ਤੇ ਡਾ. ਅਨਿਲ ਜੈਨ ਨੂੰ ਵੀ ਟੈਗ ਕੀਤੀ ਹੋਈ ਹੈ।
ਲਗਪਗ 32 ਮਿੰਟ ਦੇ ਵੀਡੀਓ 'ਚ ਸੁਭਾਸ਼ ਬਰਾਲਾ ਨਹਿਰ ਕੰਢੇ ਤੀਜੀ ਪੌੜੀ 'ਤੇ ਖੜ੍ਹੇ ਹੋ ਕੇ ਸਿਰ ਦੇ ਭਾਰ ਨਹਿਰ 'ਚ ਛਾਲ ਮਾਰਦੇ ਹਨ ਤੇ ਤੈਰਾਕੀ ਕਰਦੇ ਦਿਖਾਈ ਦਿੰਦੇ ਹਨ। ਬਰਾਲਾ ਦੇ ਇਸ ਵੀਡੀਓ ਨੂੰ 'ਹਮ ਫਿਟ ਤੋ ਇੰਡੀਆ ਫਿਟ' ਟੈਗ ਤਹਿਤ ਵਾਇਰਲ ਕੀਤਾ ਜਾ ਰਿਹਾ ਹੈ।
ਕਿਸੇ ਸਿਆਸੀ ਨੇਤਾ ਦਾ ਨਹਿਰ 'ਚ ਤੈਰਾਕੀ ਕਰਦਿਆਂ ਹੋਇਆ ਇਹ ਪਹਿਲਾ ਵੀਡੀਓ ਮੰਨਿਆ ਜਾ ਰਿਹਾ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬੀਜੇਪੀ ਦੇ ਕਈ ਮੰਤਰੀਆਂ ਨੂੰ ਸਫਾਈ ਵੀ ਦੇਣੀ ਪਈ ਹੈ।
ਜ਼ਿਕਰਯੋਗ ਹੈ ਕਿ ਟੋਹਾਣਾ ਨਹਿਰੀ ਨਗਰੀ ਦੇ ਨਾਂ ਨਾਲ ਦੇਸ਼ 'ਚ ਪ੍ਰਸਿੱਧ ਹੈ। ਇੱਥੋਂ ਭਾਖੜਾ ਨਹਿਰ ਹੋ ਕੇ ਗੁਜ਼ਰਦੀ ਹੈ। ਹਰਿਆਣਾ ਸਰਕਾਰ ਨੇ ਨਹਿਰਾਂ 'ਚ ਨਹਾਉਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਬੀਜੇਪੀ ਪ੍ਰਧਾਨ ਨੇ ਖੁਦ ਨਹਿਰ 'ਚ ਨਹਾ ਕੇ ਕਾਨੂੰਨ ਤੋੜਿਆ ਹੈ।
ਇਸ ਸਾਰੇ ਵਰਤਾਰੇ ਤੋਂ ਬਾਅਦ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਸਰਕਾਰੀ ਨੁਮਾਇੰਦੇ ਖੁਦ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਤਾਂ ਅਜਿਹੇ 'ਚ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦਾ ਹੈ।