ਧੋਨੀ ਨੇ ਆਮਦਨ ਕਰ ਦੇਣ 'ਚ ਵੀ ਬਣਾਇਆ ਰਿਕਾਰਡ
ਏਬੀਪੀ ਸਾਂਝਾ | 25 Jul 2018 10:55 AM (IST)
ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਵਿਕੇਟਕੀਪਰ ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖੇਡ ਦੇ ਮੈਦਾਨ ਤੋਂ ਇਲਾਵਾ ਦੇਸ਼ ਦੇ ਨਾਗਰਿਕ ਹੋਣ ਨਾਤੇ ਵੀ ਇੱਕ ਅਹਿਮ ਰਿਕਾਰਡ ਬਣਾਇਆ ਹੈ। ਸਾਲ 2017-18 ਵਿੱਚ ਧੋਨੀ ਨੇ ਕਮਾਈ ਉੱਪਰ ਤਕਰੀਬਨ ਸਵਾ ਬਾਰਾਂ ਕਰੋੜ ਰੁਪਏ ਦਾ ਭੁਗਤਾਨ ਆਮਦਨ ਕਰ ਦੇ ਰੂਪ ਵਿੱਚ ਕੀਤਾ ਹੈ। ਇਸ ਤਰ੍ਹਾਂ ਉਹ ਆਪਣੇ ਜੱਦੀ ਸੂਬੇ ਝਾਰਖੰਡ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਿਅਕਤੀ ਬਣ ਗਿਆ ਹੈ। ਆਰਥਿਕਤਾ ਦੇ ਝੰਬੇ ਸੂਬੇ ਦੇ ਪ੍ਰਮੁੱਖ ਸ਼ਹਿਰ ਰਾਂਚੀ ਦਾ ਰਹਿਣ ਵਾਲਾ ਹੁਨਰਮੰਦ ਕ੍ਰਿਕੇਟਰ ਧੋਨੀ ਕਮਾਈ ਦੇ ਮਾਮਲੇ ਵਿੱਚ ਅੱਜ ਵੀ ਭਾਰਤ ਦੇ ਸੀਨੀਅਰ ਖਿਡਾਰੀਆਂ ਵਿੱਚ ਸ਼ਾਮਲ ਹੈ। ਕ੍ਰਿਕਟ ਦੇ ਨਾਲ ਇੱਕ ਰੋਜ਼ਾ ਅਤੇ ਟੀ-20 ਦੀ ਕਪਤਾਨੀ ਛੱਡ ਚੁੱਕੇ ਧੋਨੀ ਹੁਣ ਪ੍ਰਸਿੱਧੀ ਦੇ ਮਾਮਲੇ ਵਿੱਚ ਵੀ ਮੋਹਰੀ ਹਨ। ਮੀਡੀਆ ਰਿਪੋਰਟ ਅਨੁਸਾਰ, ਧੋਨੀ ਨੇ ਅਗਲੇ ਵਿੱਤੀ ਸਾਲ ਲਈ ਵੀ ਪਹਿਲਾਂ ਤੋਂ ਹੀ ਤਿੰਨ ਕਰੋੜ ਰੁਪਏ ਦੇ ਟੈਕਸ ਦਾ ਐਲਾਨ ਕੀਤਾ ਹੈ। ਮੁੱਖ ਟੈਕਸ ਕਮਿਸ਼ਨਰ ਵੀ ਮਹਾਲਿੰਗਮ ਅਨੁਸਾਰ, ਧੋਨੀ ਨੇ 2016-17 ਦੇ ਵਿੱਤੀ ਸਾਲ ਦੌਰਾਨ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ, ਪਰ ਮੌਜੂਦਾ ਵਿੱਤੀ ਸਾਲ ਵਿੱਚ ਉਹ 12 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਚੁਕਾ ਕੇ ਸੂਬੇ ਦਾ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਿਅਕਤੀ ਬਣ ਗਿਆ ਹੈ।