ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸੀਮਾਵਾਂ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੂੰ ਲੈ ਕੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਵਿਵਾਦਗ੍ਰਸਤ ਟਿੱਪਣੀ ਕੀਤੀ ਹੈ। ਵਿਧਾਇਕ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੋਂ ਵੱਡੇ ਕਿਸਾਨ ਹਨ ਕਿਉਂਕਿ ਉਨ੍ਹਾਂ ਕੋਲ ਵੱਧ ਜ਼ਮੀਨ ਹੈ। ਉਨ੍ਹਾਂ ਰਾਕੇਸ਼ ਟਿਕੈਤ ਉੱਤੇ ਵਿਅਕਤੀਗਤ ਹਮਲਾ ਵੀ ਕੀਤਾ। ਉਨ੍ਹਾਂ ਦੋਸ਼ ਲਾਇਆ, ‘ਟਿਕੈਤ ਸਿਰਫ਼ 2,000 ਰੁਪਏ ਲਈ ਕਿਤੇ ਵੀ ਚਲੇ ਜਾਂਦੇ ਹਨ।’
ਦਰਅਸਲ ਰਾਕੇਸ਼ ਟਿਕੈਤ ਨੇ ਭਾਜਪਾ ਵਿਧਾਇਕ ਤੇ ਉਨ੍ਹਾਂ ਦੇ ਸਮਰਥਕਾਂ ਉੱਤੇ ਅੰਦੋਲਨਕਾਰੀ ਕਿਸਾਨਾਂ ਨੂੰ ਧਮਕੀ ਦੇਣ ਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਜ਼ਬਰਦਸਤੀ ਹਟਾਉਣ ਦਾ ਦੋਸ਼ ਲਾਇਆ ਸੀ। ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਕਿਹਾ ਕਿ ਮੈਂ ਵੀ ਕਿਸਾਨ ਹਾਂ। ਤੁਸੀਂ ਪ੍ਰਦਰਸ਼ਨ ਵਾਲੀ ਥਾਂ ਉੱਤੇ ਜਾ ਕੇ ਵੇਖੋ, ਉੱਥੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਬੈਠੇ ਹਨ, ਉਹ ਕਿਸਾਨ ਵੀ ਹੋ ਸਕਦੇ ਹਨ ਤੇ ਮਜ਼ਦੂਰ ਵੀ।
ਪਿਛਲੇ ਹਫ਼ਤੇ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਵਾਲੀ ਥਾਂ ਖ਼ਾਲੀ ਕੀਤੇ ਜਾਣ ਦੀ ਗੱਲ ਤੋਂ ਬਾਅਦ ਰਾਕੇਸ਼ ਟਿਕੈਤ ਕੈਮਰੇ ਸਾਹਮਣੇ ਕੁਝ ਜਜ਼ਬਾਤੀ ਹੋ ਗਏ ਸਨ। ਉਨ੍ਹਾਂ ਅੰਦੋਲਨ ਨੂੰ ਤੋੜਨ ਲਈ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਜੀਂਦ ਵਿੱਚ ਹਜ਼ਾਰਾਂ ਕਿਸਾਨਾਂ ਨਾਲ ਮਹਾਂਪੰਚਾਇਤ ਕੀਤੀ ਹੈ; ਜਿਸ ਵਿੱਚ ਉਨ੍ਹਾਂ ਅੰਦੋਲਨ ਰਾਹੀਂ ਸਰਕਾਰ ਉੱਤੇ ਹੋਰ ਦਬਾਅ ਬਣਾਉਣ ਦੀ ਗੱਲ ਆਖੀ ਹੈ। ਟਿਕੈਤ ਨੇ ਇੱਥੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕਾਨੂੰਨ ਵਾਪਸ ਨਾ ਲਏ ਗਏ, ਤਾਂ ਉਸ ਲਈ ਸੱਤਾ ਵਿੱਚ ਕਾਇਮ ਰਹਿਣਾ ਔਖਾ ਹੋ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ