BJP ਵਿਧਾਇਕ ਵੱਲੋਂ ਕੁੜੀਆਂ ਅਗਵਾ ਕਰਨ ਦਾ ਐਲਾਨ
ਏਬੀਪੀ ਸਾਂਝਾ | 05 Sep 2018 12:09 PM (IST)
ਮੁੰਬਈ: ਮਹਾਰਾਸ਼ਟਰ ਵਿੱਚ ਸੱਤਾਧਾਰੀ ਬੀਜੇਪੀ ਦੇ ਵਿਧਾਇਕ ਨੇ ਨੌਜਵਾਨਾਂ ਨੂੰ ਸਪਸ਼ਟ ਕਿਹਾ ਕਿ ਉਹ ਜਿਸ ਲੜਕੀ ਨੂੰ ਪਸੰਦ ਕਰਦੇ ਹਨ, ਜੇ ਉਸ ਲੜਕੀ ਨੇ ਉਨ੍ਹਾਂ ਦੇ ਪ੍ਰਸਤਾਵ ਠੁਕਰਾਇਆ ਤਾਂ ਉਹ ਉਸ ਨੂੰ ਅਗਵਾ ਕਰ ਲੈਣਗੇ। ਵਿਧਾਇਕ ਰਾਮ ਕਦਮ ਨੇ ਸੋਮਵਾਰ ਰਾਤ ਮੁੰਬਈ ਦੇ ਘਾਟਕੋਪਰ ਵਿਧਾਨ ਸਭਾ ਖੇਤਰ ਵਿੱਚ ‘ਦਹੀਹਾਂਡੀ’ ਪ੍ਰੋਗਰਾਮ ਦੌਰਾਨ ਟਿੱਪਣੀ ਕੀਤੀ। ਉਹ ਘਾਟਕੋਪਰ ਵਿਧਾਨ ਸਭਾ ਖੇਤਰ ਤੋਂ ਹੀ ਵਿਧਾਇਕ ਹਨ। ਕਦਮ ਦੀ ਉਕਤ ਟਿੱਪਣੀ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਉਹ ਨੌਜਵਾਨਾਂ ਦੀ ਭੀੜ ਨੂੰ ਕਹਿ ਰਹੇ ਹਨ ਕਿ ਉਹ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਦਦ ਲਈ ਕੁਝ ਅਜਿਹੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਦੇ ਪ੍ਰਸਤਾਵ ਨੂੰ ਕੁੜੀ ਨੇ ਠੁਕਰਾ ਦਿੱਤਾ ਸੀ। ਵੀਡੀਓ ’ਚ ਭੀੜ ਨੂੰ ਸੰਬੋਧਨ ਕਰਦਿਆਂ ਵਿਧਾਇਕ ਕਦਮ ਨੇ ਕਿਹਾ ਕਿ 100 ਫੀਸਦੀ ਉਹ ਮਦਦ ਕਰਨਗੇ। ਨੌਜਵਾਨ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਕੋਲ ਆਉਣ। ਜੇ ਮਾਤਾ-ਪਿਤਾ ਰਜ਼ਾਮੰਦੀ ਦਿੰਦੇ ਹਨ ਤਾਂ ਉਹ ਇਸ ਸਬੰਧੀ ਕੀ ਕਰਨਗੇ? ਉਹ ਉਸ ਲੜਕੀ ਨੂੰ ਅਗਵਾ ਕਰ ਲੈਣਗੇ ਤੇ ਵਿਆਹ ਲਈ ਨੌਜਵਾਨਾਂ ਦੇ ਹਵਾਲੇ ਕਰ ਦੇਣਗੇ। ਵੀਡੀਓ ਵਿੱਚ ਵਿਧਾਇਕ ਕਦਮ ਨੇ ਨੌਜਵਾਨਾਂ ਦੀ ਭੀੜ ਨਾਲ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ। ਇਸ ਕਲਿੱਪ ਬਾਰੇ ਪੁੱਛੇ ਜਾਣ ’ਤੇ ਕਦਮ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਪਰ ਉਨ੍ਹਾਂ ਦੀਆਂ ਟਿੱਪਣੀਆਂ ’ਤੇ NCP ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। NCP ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਸੱਤਾਧਾਰੀ ਪਾਰਟੀ ਦੇ ‘ਰਾਵਣ-ਸਰੀਖੇ’ ਚਿਹਰੇ ਨੂੰ ਪੇਸ਼ ਕਰਦੀਆਂ ਹਨ।