ਕੈਥਲ: ਹਰਿਆਣਾ ਦੇ ਕੈਥਲ ਤੋਂ ਭਾਜਪਾ ਵਿਧਾਇਕ ਲਿਲਾਰਾਮ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਲੋਕ ਦਿੱਲੀ ਵਿੱਚ ਬੈਠੇ ਹਨ, ਨਾ ਕਿ ਕਿਸਾਨ ਬੈਠੇ ਹਨ, ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਵੀ ਠੋਕਿਆ ਸੀ, ਮੋਦੀ ਨੂੰ ਵੀ ਠੋਕ ਦੇਣਗੇ’।
ਇੰਨਾ ਹੀ ਨਹੀਂ, ਲਿਲਾਰਾਮ ਨੇ ਅੱਗੇ ਕਿਹਾ ਕਿ 'ਇਮਰਾਨ ਖਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਤੇ ਭਾਰਤ ਮਾਤਾ ਮੁਰਦਾਬਾਦ ਦੇ ਨਾਅਰੇ ਵੀ ਲੱਗ ਰਹੇ ਹਨ'। ਭਾਜਪਾ ਵਿਧਾਇਕ ਲਿਲਾਰਾਮ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੂੰ ਮਾਰਨ ਵਾਲਾ ਵਿਅਕਤੀ ਵੀ ਉੱਥੇ 20 ਫੁੱਟ ਕੱਟ ਲਗਾ ਕੇ ਬੈਠਾ ਹੋਇਆ ਹੈ। ਐਸਵਾਈਐਲ ਮੁੱਦੇ 'ਤੇ ਲਿਲਾਰਾਮ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਵੀ ਹਮਲਾ ਬੋਲਿਆ। ਉਸ ਨੇ ਕਿਹਾ ਕਿ 'ਕੀ ਪਾਣੀ ਤੁਹਾਡੇ ਪਿਉ ਦਾ ਹੈ? ਪੰਜਾਬ ਵਿੱਚ ਇੰਨੀ ਹਿੰਮਤ ਨਹੀਂ ਕਿ ਸਾਨੂੰ ਸਾਡਾ ਪਾਣੀ ਨਾ ਦੇਵੇ।'
ਮਹੱਤਵਪੂਰਨ ਗੱਲ ਇਹ ਹੈ ਕਿ ਕੈਥਲ ਦੇ ਵਿਧਾਇਕ ਲਿਲਾਰਾਮ ਦਾ ਵਿਵਾਦਾਂ ਨਾਲ ਲੰਮੇ ਸਮੇਂ ਤੋਂ ਸਬੰਧ ਰਿਹਾ ਹੈ, ਭਾਵੇਂ ਇਹ ਸੀਏਏ ਕਾਨੂੰਨ ਬਾਰੇ ਬਿਆਨ ਹੋਵੇ ਜਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਨਾਅਰੇ ਨੂੰ ਲੈ ਕੇ ਜਾਂ ਫਿਰ ਲਿੰਗ-ਜਾਂਚ ਕਰਨ ਵਾਲੇ ਡਾਕਟਰ ਦੀ ਵਕਾਲਤ ਕਰਨ ਵਾਲਾ ਬਿਆਨ ਪਰ ਇਸ ਵਾਰ ਵਿਧਾਇਕ ਨੇ ਦਿੱਲੀ ਵਿੱਚ ਬੈਠੇ ਕਿਸਾਨਾਂ ਨੂੰ ਖਾਲਿਸਤਾਨ ਤੇ ਪਾਕਿਸਤਾਨ ਦਾ ਹਮਾਇਤੀ ਕਿਹਾ ਹੈ।
ਇਸ ਤੋਂ ਪਹਿਲਾਂ ਲੀਲਾਰਾਮ ਨੇ ਸੀਏਏ ਕਾਨੂੰਨ ਬਾਰੇ ਕਿਹਾ ਸੀ ਕਿ ਇਹ ਮਨਮੋਹਨ ਸਿੰਘ, ਗਾਂਧੀ ਜਾਂ ਨਹਿਰੂ ਦਾ ਨਹੀਂ, ਬਲਕਿ ਮੋਦੀ ਤੇ ਸ਼ਾਹ ਦਾ ਭਾਰਤ ਹੈ। ਜੇ ਪੀਐਮ ਦਾ ਇਸ਼ਾਰਾ ਹੋਵੇ ਤਾਂ ਇੱਕ ਘੰਟੇ ਵਿੱਚ ਸਫਾਇਆ ਕੀਤਾ ਜਾ ਸਕਦਾ।