ਨੂਪੁਰ ਸ਼ਰਮਾ ਤੋਂ ਬਾਅਦ ਹੁਣ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀ ਕੀਤੀ ਹੈ। ਇਸ ਕਾਰਨ ਲੋਕਾਂ 'ਚ ਰੋਸ ਫੈਲ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਖ਼ਿਲਾਫ਼ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।
ਇੰਨਾ ਹੀ ਨਹੀਂ ਵੱਡੀ ਗਿਣਤੀ 'ਚ ਲੋਕ ਦਬੀਰਪੁਰਾ, ਭਵਾਨੀ ਨਗਰ, ਰੇਨਬਾਜ਼ਾਰ, ਮੀਰਚੌਕ ਥਾਣਿਆਂ 'ਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ। ਗੁੱਸੇ 'ਚ ਆਏ ਲੋਕਾਂ ਨੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ।
ਵਿਧਾਇਕ ਟੀ ਰਾਜਾ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਕਾਰਨ ਲੋਕਾਂ 'ਚ ਵਿਧਾਇਕ ਖ਼ਿਲਾਫ਼ ਰੋਸ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਵਿਧਾਇਕ ਟੀ ਰਾਜਾ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਦਰਅਸਲ, ਟੀ ਰਾਜਾ ਨੇ ਹਾਲ ਹੀ 'ਚ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕੀਤੀ ਸੀ।
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਪੁਲਿਸ ਕਮਿਸ਼ਨਰ ਸੀ.ਵੀ. ਆਨੰਦ ਦੇ ਦਫ਼ਤਰ ਅੱਗੇ ਸ਼ਹਿਰ ਦੇ ਹੋਰ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ। ਵੀਡੀਓ 'ਚ ਟੀ ਰਾਜਾ ਸਿੰਘ ਨੇ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਉਨ੍ਹਾਂ ਦੀ ਮਾਂ 'ਤੇ ਵੀ ਟਿੱਪਣੀ ਕੀਤੀ ਹੈ। ਜਿਸ ਕਾਰਨ ਲੋਕਾਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ।
ਪਹਿਲਾਂ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਦਿੱਤੀ ਸੀ ਧਮਕੀ
ਟੀ ਰਾਜਾ ਸਿੰਘ ਹੈਦਰਾਬਾਦ ਦੇ ਗੋਸ਼ਾਮਹਿਲ ਤੋਂ ਵਿਧਾਇਕ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਵੀ ਧਮਕੀ ਦਿੱਤੀ ਸੀ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਉਨ੍ਹਾਂ ਨੂੰ ਹੈਦਰਾਬਾਦ ਪੁਲਿਸ ਨੇ ਹਿਰਾਸਤ 'ਚ ਵੀ ਲਿਆ ਸੀ।
ਏਜੰਸੀ ਮੁਤਾਬਕ ਵਿਧਾਇਕ ਟੀ ਰਾਜਾ ਸਿੰਘ ਨੇ ਮੁਨੱਵਰ ਫਾਰੂਕੀ ਦੇ ਸ਼ੋਅ ਨੂੰ ਰੱਦ ਕਰਵਾਉਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਲਗਭਗ 50 ਲੋਕ ਸਮਾਗਮ ਵਾਲੀ ਥਾਂ 'ਤੇ ਪਹੁੰਚਦੇ ਹਨ, ਪਰ ਉਦੋਂ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇੰਨਾ ਹੀ ਨਹੀਂ, ਵਿਧਾਇਕ ਨੇ ਸੱਤਾਧਾਰੀ ਟੀਆਰਐਸ ਦੇ ਕਾਰਜਕਾਰੀ ਪ੍ਰਧਾਨ ਅਤੇ ਰਾਜ ਮੰਤਰੀ ਕੇਟੀ ਰਾਮਾ ਰਾਓ ਵੱਲੋਂ ਫਾਰੂਕੀ ਨੂੰ ਸੱਦਾ ਦੇਣ 'ਤੇ ਇਤਰਾਜ਼ ਜਤਾਇਆ ਸੀ। ਵਿਧਾਇਕ ਨੇ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਸੱਦਾ ਦੇਣ ਦੀ ਬਜਾਏ ਤੇਲੰਗਾਨਾ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਹੁਣ ਵਿਧਾਇਕ ਟੀ ਰਾਜਾ ਸਿੰਘ ਨੇ ਪੈਗੰਬਰ ਮੁਹੰਮਦ 'ਤੇ ਟਿੱਪਣੀ ਕੀਤੀ ਹੈ, ਜਿਸ ਕਾਰਨ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ।