ਕੋਲਕਾਤਾ: ਪੱਛਮੀ ਬੰਗਾਲ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਉਸ ਤੋਂ ਪਹਿਲਾਂ ਹੀ ਮਮਤਾ ਬੈਨਰਜੀ ਦੇ ਕੈਂਪ ’ਚ ਬਗ਼ਾਵਤ ਦੀ ਕਨਸੋਅ ਪੈਣ ਲੱਗੀ ਹੈ। ਤ੍ਰਿਣਮੂਲ ਕਾਂਗਰਸ ਦੇ ਹਰਮਨਪਿਆਰੇ ਆਗੂ ਤੇ ਟ੍ਰਾਂਸਪੋਰਟ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਬਗ਼ਾਵਤੀ ਰੌਂਅ ਅਪਣਾਉਂਦਿਆਂ ਨੰਦੀਗ੍ਰਾਮ ਦਿਵਸ ਮੌਕੇ ਆਪਣੀ ਵੱਖਰੀ ਰੈਲੀ ਕੀਤੀ। ਆਪਣੀ ਰੈਲੀ ਵਿੱਚ ਉਨ੍ਹਾਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲਾਏ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੌਰਾਨ ਸ਼ੁਭੇਂਦੂ ਸ਼ਾਇਦ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝਟਕਾ ਦੇ ਸਕਦੇ ਹਨ।


ਅਹਿਮ ਗੱਲ ਹੈ ਕਿ ਇਹ ਸਿਆਸੀ ਘਟਨਾਕ੍ਰਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਛਮੀ ਬੰਗਾਲ ਦੌਰੇ ਮਗਰੋਂ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੁਭੇਂਦੂ ਬੀਜੇਪੀ ਵਿੱਚ ਜਾ ਸਕਦੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸ਼ੁਭੇਂਦੂ ਅਧਿਕਾਰੀ ਦੀ ਰੈਲੀ ਵਿੱਚ ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਵੀ ਨਹੀਂ ਲਾਈ ਗਈ। ਪੋਸਟਰ ਤੋਂ ਮਮਤਾ ਦੀ ਤਸਵੀਰ ਗ਼ਾਇਬ ਹੋਈ ਵੇਖ ਕੇ ਸੂਬੇ ਦੀ ਸਿਆਸਤ ਵਿੱਚ ਹਲਚਲ ਵਧ ਗਈ ਹੈ। ਉਸ ਤੋਂ ਬਾਅਦ ਮਮਤਾ ਕੈਬਿਨੇਟ ਦੀ ਮੀਟਿੰਗ ਵਿੱਚ ਵੀ ਸੂਬੇ ਦੇ ਚਾਰ ਮੰਤਰੀ ਨਹੀਂ ਪੁੱਜੇ, ਜਿਨ੍ਹਾਂ ਵਿੱਚ ਸ਼ੁਭੇਂਦੂ ਅਧਿਕਾਰੀ, ਰਜੀਬ ਬੈਨਰਜੀ, ਗੌਤਮ ਦੇਬ ਤੇ ਰਵੀਂਦਰ ਘੋਸ਼ ਸ਼ਾਮਲ ਹਨ।


ਬਗ਼ਾਵਤੀ ਰੌਂਅ ਵਿਖਾਈ ਦੇਣ ਤੋਂ ਬਾਅਦ ਮਮਤਾ ਸਰਕਾਰ ਨੇ ਸ਼ੁਭੇਂਦੂ ਅਧਿਕਾਰੀ ਦੇ ਲਗਭਗ ਤਿੰਨ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਇੱਕ ਚੇਅਰਮੈਨ ਦੀ ਵੀ ਸੁਰੱਖਿਆ ਹਟਾਈ ਗਈ ਹੈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਵਿਜੇਵਰਗੀਆ ਨੂੰ ਜਦੋਂ ਏਬੀਪੀ ਨਿਊਜ਼ ਨੇ ਇਸ ਬਾਰੇ ਪੁੱਛਿਆ ਕਿ ਜੇ ਸ਼ੁਭੇਂਦੂ ਅਧਿਕਾਰੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕੁਝ ਆਖਣਗੇ, ਤਾਂ ਉਹ ਵਿਚਾਰ ਕਰਨਗੇ।


ਸ਼ੁਭੇਂਦੂ ਅਧਿਕਾਰੀ ਮਮਤਾ ਬੈਨਰਜੀ ਦੀ ਕੈਬਨਿਟ ਵਿੱਚ ਸਭ ਤੋਂ ਵੱਧ ਹਰਮਨਪਿਆਰੇ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਨੰਦੀਗ੍ਰਾਮ ਅੰਦੋਲਨ ਦਾ ਨਿਰਮਾਤਾ ਵੀ ਮੰਨਿਆ ਜਾਂਦਾ ਹੈ। ਉਹ ਸ਼ੁਰੂਆਤੀ ਦੌਰ ਤੋਂ ਹੀ ਮਮਤਾ ਦੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਪਿਤਾ ਤੇ ਭਰਾ ਵੀ ਸਰਗਰਮ ਸਿਆਸਤ ’ਚ ਹਨ। ਸ਼ੁਭੇਂਦੂ ਅਧਿਕਾਰੀ ਦਾ ਪੱਛਮੀ ਬੰਗਾਲ ਦੀਆਂ 50 ਵਿਧਾਨ ਸਭਾ ਸੀਟਾਂ ਉੱਤੇ ਅਸਰ ਮੰਨਿਆ ਜਾਂਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ