ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਸਾਮ ਵਿੱਚ ਦੋ ਜਨਤਕ ਰੈਲੀਆਂ ਨੂੰ ਸੰਬੋਧਿਤ ਕਰਨਗੇ। ਸ਼ਾਹ ਉੱਤਰ ਪੂਰਬ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਸਾਲ ਅਸਾਮ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਗ੍ਰਹਿ ਮੰਤਰੀ ਦਾ ਇਹ ਪ੍ਰੋਗਰਾਮ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਅਮਿਤ ਸ਼ਾਹ ਕੋਕਰਾਝਾਰ ਵਿੱਚ ਬੋਡੋਲੈਂਡ ਟੈਰੀਟੋਰੀਅਲ ਕੌਂਸਲ (ਬੀਟੀਸੀ) ਦੀ ਮੀਟਿੰਗ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਨਲਬਾੜੀ ਵਿਚ ਭਾਜਪਾ ਵਲੋਂ ਆਯੋਜਿਤ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਸ਼ਾਹ ਨੇ ਸ਼ਨੀਵਾਰ ਨੂੰ ਅਸਾਮ ਵਿਚ 'ਆਯੁਸ਼ਮਾਨ ਸੀਏਪੀਐਫ' ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਭਾਰਤ ਦੇ ਸਾਰੇ ਆਰਮਡ ਪੁਲਿਸ ਫੋਰਸ ਜਵਾਨਾਂ ਨੂੰ ਕੇਂਦਰੀ ਸਿਹਤ ਬੀਮਾ ਪ੍ਰੋਗਰਾਮ ਦਾ ਲਾਭ ਮਿਲੇਗਾ।


ਇਸ ਮਹੀਨੇ ਵਿੱਚ ਸ਼ਾਹ ਦੀ ਅਸਾਮ ਦੀ ਇਹ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੱਲ੍ਹ ਅਸਾਮ ਗਏ ਸੀ। ਪ੍ਰਧਾਨਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਸਿਵਾਸਸਾਗਰ ਜ਼ਿਲ੍ਹੇ ਦੇ ਜੇਰੇਂਗਾ ਦੇ ਪਠਾਰ ਵਿੱਚ ਰਹਿੰਦੇ ਬੇਜ਼ਮੀਨੀ ਮੂਲ ਨਿਵਾਸੀਆਂ ਲਈ 1.6 ਲੱਖ ਲੈਂਡ ਲੀਜ਼ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ "ਅਸਾਮ ਵਿੱਚ ਸਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਚਿੰਤਾ ਦੂਰ ਕਰ ਦਿੱਤੀ ਹੈ। 1 ਲੱਖ ਤੋਂ ਵੱਧ ਜੱਦੀ ਪਰਿਵਾਰਾਂ ਨੂੰ ਆਪਣੀ ਜ਼ਮੀਨ ਦੇ ਮਾਲਕ ਹੋਣ ਦਾ ਅਧਿਕਾਰ ਮਿਲਣ ਨਾਲ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਚਿੰਤਾ ਦੂਰ ਹੋ ਗਈ ਹੈ।"

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਅਸਾਮ ਦੀ ਯਾਤਰਾ ਦੌਰਾਨ ਸੀਏਏ ਅਤੇ ਅਸਾਮ ਐਨਆਰਸੀ ਬਾਰੇ ਕੁਝ ਨਹੀਂ ਕਿਹਾ। ਸਭ ਦੀ ਨਜ਼ਰ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਹੈ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਾਮ ਅਤੇ ਮੇਘਾਲਿਆ ਦੇ ਦੋ ਦਿਨਾਂ ਦੌਰੇ ‘ਤੇ ਗੁਹਾਟੀ ਪਹੁੰਚੇ ਸੀ। ਸ਼ਾਹ ਨੇ ਸ਼ਨੀਵਾਰ ਨੂੰ ਕੇਂਦਰੀ ਪੈਰਾ ਮਿਲਟਰੀ ਬਲਾਂ ਲਈ ਆਯੁਸ਼ਮਾਨ ਭਾਰਤ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਾਹ ਨੇ ਮੇਘਾਲਿਆ ਵਿੱਚ ਉੱਤਰ ਪੂਰਬੀ ਕੌਂਸਲ (ਐਨਈਸੀ) ਦੇ ਪੂਰੇ ਸੈਸ਼ਨ ਦੀ ਪ੍ਰਧਾਨਗੀ ਕੀਤੀ।