ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਆਪਣੇ ਮੈਨੀਫੈਸਟੋ ਵਿੱਚ ਭਾਜਪਾ ਨੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਪੈਨਸ਼ਨ ਕਿੰਨੀ ਹੋਵੇਗੀ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ।

ਮੋਦੀ ਸਰਕਾਰ ਨੇ 2019-20 ਲਈ ਜਾਰੀ ਅੰਤ੍ਰਿਮ ਬਜਟ ਵਿੱਚ ਵੀ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੇਣ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸ ਅੰਕੜੇ ਨੂੰ ਦੇਖੀਏ ਤਾਂ ਪੈਨਸ਼ਨ ਦੀ 'ਵੱਡੀ' ਰਕਮ ਆਸ ਨਹੀਂ ਰੱਖੀ ਜਾ ਸਕਦੀ। ਨਾ ਹੀ ਚੋਣ ਮਨੋਰਥ ਪੱਤਰ ਵਿੱਚ ਕਿਸਾਨ ਤੇ ਦੁਕਾਨਦਾਰ ਹੋਣ ਦੀਆਂ ਸ਼ਰਤਾਂ ਤੇ ਮਾਪਦੰਡ ਤੈਅ ਕੀਤੇ ਗਏ ਹਨ।

ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ। ਕਿਸਾਨਾਂ ਨੂੰ ਇੱਕ ਲੱਖ ਰੁਪਏ ਤਕ ਦਾ ਖੇਤੀ ਕਰਜ਼ਾ ਪੰਜ ਸਾਲਾਂ ਤਕ ਵਿਆਜ਼ ਰਹਿਤ ਦੇਣ ਦਾ ਵਾਅਦਾ ਵੀ ਕੀਤਾ ਹੈ। ਆਪਣੇ ਮੈਨੀਫੈਸਟੋ ਵਿੱਚ ਭਾਜਪਾ ਨੇ ਆਪਣੇ ਰਾਸ਼ਟਰਵਾਦ ਦੇ ਏਜੰਡੇ ਨੂੰ ਵੀ ਪਹਿਲ ਦਿੱਤੀ ਹੈ। ਪਾਰਟੀ ਨੇ ਕੌਮੀ ਸੁਰੱਖਿਆ ਦੇ ਮੁੱਦੇ 'ਤੇ ਅੱਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਪਾਲਿਸੀ ਤੇ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਦਾ ਸਾਹਮਣਾ ਕਰਨ ਲਈ ਖੁੱਲ੍ਹ ਦੇਣ ਦਾ ਵਾਅਦਾ ਵੀ ਕੀਤਾ ਹੈ।

ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਣ ਨਾਲ ਭਾਰਤ ਨੂੰ ਸਾਲ 2025 ਤਕ ਪੰਜ ਲੱਖ ਕਰੋੜ ਡਾਲਰ ਅਤੇ ਸਾਲ 2032 ਤਕ 10 ਲੱਖ ਕਰੋੜ ਡਾਲਰ ਦਾ ਅਰਥਚਾਰਾ ਬਣਾਇਆ ਜਾਵੇਗਾ। ਸੂਖਮ ਤੇ ਲਘੂ ਉਦਯੋਗਾਂ ਲਈ ਇੱਕ ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਵਾਅਦਾ ਵੀ ਬੀਜੇਪੀ ਨੇ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਨੇ 50 ਸ਼ਹਿਰਾਂ 'ਚ ਮੈਟਰੋ ਚਲਾਉਣ ਤੇ ਸੜਕੀ ਤੰਤਰ ਮਜ਼ਬੂਤ ਕਰਨ ਦੀ ਗੱਲ ਵੀ ਮੈਨੀਫੈਸਟੋ 'ਚ ਦਰਜ ਕੀਤੀ ਹੈ।

ਦੇਖੋ ਵੀਡੀਓ-