Lok Sabha Elections 2024: ਲੋਕ ਸਭਾ ਚੋਣਾਂ 2024 (lok sabha election 2024) ਲਈ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਅੱਜ ਭਾਵ ਐਤਵਾਰ (24 ਮਾਰਚ, 2024) ਨੂੰ ਆ ਸਕਦੀ ਹੈ। ਸੂਚੀ ਦੁਪਹਿਰ ਬਾਅਦ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚ ਪੰਜ ਸੂਬਿਆਂ (ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੜੀਸਾ ਅਤੇ ਆਂਧਰਾ ਪ੍ਰਦੇਸ਼) ਲਈ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਜਾ ਸਕਦੇ ਹਨ। ਇਸ ਸੂਚੀ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਸ਼ਨੀਵਾਰ (23 ਮਾਰਚ, 2024) ਰਾਤ ਨੂੰ ਕਰੀਬ ਤਿੰਨ ਘੰਟੇ ਚੱਲੀ।
 
 ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਦੀ ਪੰਜਵੀਂ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਯੂਪੀ ਦੀਆਂ ਬਾਕੀ 24 ਸੀਟਾਂ (ਜਿਨ੍ਹਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ) ਵਿੱਚੋਂ 10 ਸੀਟਾਂ ਲਈ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਗਾਜ਼ੀਆਬਾਦ ਤੋਂ ਅਤੁਲ ਗਰਗ, ਮੇਰਠ ਤੋਂ ਅਰੁਣ ਗੋਵਿਲ ਨੂੰ ਮੌਕਾ ਮਿਲ ਸਕਦਾ ਹੈ, ਜਦਕਿ ਸਹਾਰਨਪੁਰ ਤੋਂ ਰਾਘਵ ਲਖਨਪਾਲ ਅਤੇ ਮੁਰਾਦਾਬਾਦ ਤੋਂ ਕੁੰਵਰ ਸਰਵੇਸ਼ ਸਿੰਘ ਉਮੀਦਵਾਰ ਹੋ ਸਕਦੇ ਹਨ।
 
 ਧਰਮਿੰਦਰ ਪ੍ਰਧਾਨ ਅਤੇ ਸੰਬਿਤ ਪਾਤਰਾ ਦੀਆਂ ਟਿਕਟਾਂ ਲਗਭਗ ਪੱਕੀਆਂ!


ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਉੜੀਸਾ ਦੀਆਂ 21 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਹੋਈ। ਸੰਭਲਪੁਰ ਤੋਂ ਧਰਮਿੰਦਰ ਪ੍ਰਧਾਨ, ਪੁਰੀ ਤੋਂ ਸੰਬਿਤ ਪਾਤਰਾ ਅਤੇ ਭੁਵਨੇਸ਼ਵਰ ਤੋਂ ਅਪਰਾਜਿਤਾ ਸਾਰੰਗੀ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਵੀ ਦੱਸਿਆ ਗਿਆ ਕਿ ਦੋ ਮੌਜੂਦਾ ਸੰਸਦ ਮੈਂਬਰਾਂ ਨੂੰ ਵੀ ਹਟਾਇਆ ਜਾ ਸਕਦਾ ਹੈ।