ਚੰਡੀਗੜ੍ਹ: ਹਰਿਆਣਾ ਵਿੱਚ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਦੋਸਤੀ ਸੰਕਟ ਵਿੱਚ ਹੈ। ਹਰਿਆਣਾ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਟਿਕਟ ਦੀ ਦਾਅਵੇਦਾਰੀ ਜਤਾਉਂਦਿਆਂ ਅਕਾਲੀ ਦਲ ਨੇ ਬੀਜੇਪੀ 'ਤੇ ਦਬਾਅ ਬਣਾਇਆ ਹੈ। ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਉਸ ਨੂੰ ਵੇਖ ਕੇ ਸਪਸ਼ਟ ਹੈ ਕਿ ਬੀਜੇਪੀ ਹਰਿਆਣਾ ਵਿੱਚ ਅਕਾਲੀ ਦਲ ਨੂੰ ਇੰਨੀ ਅਹਿਮੀਅਤ ਨਹੀਂ ਦਏਗੀ। ਜੇ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਘੱਟੋ-ਘੱਟ 30 ਸੀਟਾਂ ਛੱਡਣ ਦਾ ਜ਼ਿਆਦਾ ਦਬਾਅ ਬਣਾਇਆ ਤਾਂ ਦੋਵਾਂ ਪਾਰਟੀਆਂ ਦੇ ਗਠਜੋੜ 'ਤੇ ਸੰਕਟ ਆ ਸਕਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਤੇ ਬੀਜੇਪੀ ਕਈ ਸਾਲਾਂ ਤੋਂ ਭਾਈਵਾਲ ਹਨ। ਲੋਕ ਸਭਾ ਚੋਣਾਂ ਵਿੱਚ ਜਦੋਂ ਅਕਾਲੀ ਦਲ ਨੇ ਹਰਿਆਣਾ ਵਿੱਚ ਚੋਣਾਂ ਲੜਨ ਦੀ ਰਣਨੀਤੀ ਤਿਆਰ ਕੀਤੀ ਤਾਂ ਭਰੋਸਾ ਦਿਵਾਇਆ ਗਿਆ ਸੀ ਕਿ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਬੀਜੇਪੀ ਦਾ ਸਾਥ ਦਏ, ਇਸ ਦੇ ਇਵਜ਼ ਵਜੋਂ ਅਕਾਲੀ ਦਲ ਲਈ ਵਿਧਾਨ ਸਭਾ ਚੋਣਾਂ ਵਿੱਚ ਕੁਝ ਸੀਟਾਂ ਛੱਡੀਆਂ ਜਾ ਸਕਦੀਆਂ ਹਨ। ਉਸ ਵੇਲੇ ਤਾਂ ਸੀਟਾਂ ਦੀ ਗਿਣਤੀ 'ਤੇ ਕੋਈ ਗੱਲਬਾਤ ਨਹੀਂ ਹੋਈ ਪਰ ਹੁਣ ਅਕਾਲੀ ਦਲ ਨੇ ਹਰਿਆਣਾ ਵਿੱਚ ਘੱਟੋ-ਘੱਟ 30 ਸੀਟਾਂ ਮੰਗ ਲਈਆਂ ਹਨ। ਹਰਿਆਣਾ ਵਿੱਚ ਬੀਜੇਪੀ ਲਈ ਅਕਾਲੀ ਦਲ ਦੀ ਅਹਿਮੀਅਤ ਓਨੀ ਹੈ ਜਿੰਨੀ ਪੰਜਾਬ ਵਿੱਚ ਅਕਾਲੀ ਦਲ ਲਈ ਬੀਜੇਪੀ ਦੀ ਹੈ। ਪੰਜਾਬ ਵਿੱਚ ਅਕਾਲੀ ਦਲ ਨੇ ਬੀਜੇਪੀ ਨੂੰ ਪੈਰ ਨਹੀਂ ਪਸਾਰਨ ਦਿੱਤੇ। ਹੁਣ ਬੀਜੇਪੀ ਹਰਿਆਣਾ ਵਿੱਚ ਇਸੇ ਫਾਰਮੂਲੇ 'ਤੇ ਕੰਮ ਕਰ ਰਹੀ ਹੈ ਤੇ ਅਕਾਲੀ ਦਲ ਨੂੰ 30 ਸੀਟਾਂ ਦੇਣ ਲਈ ਅਜੇ ਤਿਆਰ ਨਹੀਂ।