ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਗੁਜਰਾਤ ਵਿੱਚ ਸਰਗਰਮੀ ਮਗਰੋਂ ਬੀਜੇਪੀ ਵੀ ਹਮਲਾਵਰ ਹੋ ਗਈ ਹੈ। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਪਹੁੰਚ ਬੀਜੇਪੀ ਉੱਪਰ ਤਾਬੜਤੋੜ ਹਮਲੇ ਕਰਦਿਆਂ ਲੋਕਾਂ ਨੂੰ ਕਈ ਸ਼ੁਫਨੇ ਵਿਖਾਏ। ਇਸ ਮਗਰੋਂ ਬੀਜੇਪੀ ਨੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਦਿੱਲੀ ਬੀਜੇਪੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਦਿੱਲੀ ਪਾਣੀ ਵਿੱਚ ਡੁੱਬੀ ਤੇ ਪੰਜਾਬ ਨਸ਼ੇ ਵਿੱਚ, ਇੰਨਾ ਦੋਗਲਾਪਨ ਕਿੱਥੋਂ ਲਿਆਉਂਦੇ ਹੋ ਤੁਸੀਂ? 






 


ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਗੁਜਰਾਤ ਵਿੱਚ ਕਿਹਾ ਕਿ ਜੇਕਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ। ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮਦਾਬਾਦ ’ਚ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਗੁਜਰਾਤ ਦੀ ਭਾਜਪਾ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ ’ਤੇ ਰੱਖਿਆ। ਗੁਜਰਾਤ ਵਿੱਚ ਇਸ ਸਾਲ ਦਸੰਬਰ ਮਹੀਨੇ ਚੋਣਾਂ ਹੋਣੀਆਂ ਹਨ।



‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘ਗੁਜਰਾਤ ਦੇ ਇੱਕ ਵੱਟਸਐੱਪ ਗਰੁੱਪ ’ਚ ਮੈਂ ਇੱਕ ਬਹੁਤ ਵਧੀਆ ਸੁਨੇਹਾ ਸਾਂਝਾ ਹੁੰਦਾ ਦੇਖਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਤੁਸੀਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਸੋਨੀਆ ਗਾਂਧੀ ਦਾ ਪੁੱਤਰ ਖੁਸ਼ਹਾਲ ਹੋਵੇਗਾ। ਜੇ ਤੁਸੀਂ ਭਾਜਪਾ ਨੂੰ ਵੋਟ ਦਿੱਤੀ ਤਾਂ ਅਮਿਤ ਸ਼ਾਹ ਦਾ ਪੁੱਤਰ ਖੁਸ਼ਹਾਲ ਹੋਵੇਗਾ ਤੇ ਜੇ ਤੁਸੀਂ ‘ਆਪ’ ਨੂੰ ਵੋਟ ਪਾਈ ਤਾਂ ਗੁਜਰਾਤ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ।’ 


ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੀਆਂ ਸਰਕਾਰਾਂ ਨੇ ਹੁਣ ਤੱਕ ਦਿੱਲੀ ’ਚ 12 ਲੱਖ ਤੇ ਪੰਜਾਬ ’ਚ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 20 ਹਜ਼ਾਰ ਨੌਕਰੀਆਂ ਮੁਹੱਈਆ ਕੀਤੀਆਂ ਹਨ ਉਸੇ ਤਰ੍ਹਾਂ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਣ ’ਤੇ 10 ਲੱਖ ਨੌਕਰੀਆਂ ਮੁਹੱਈਆ ਕਰੇਗੀ। ਉਨ੍ਹਾਂ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਭੱਤਾ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਪੈਸਾ ਚੋਰੀ ਕੀਤਾ ਹੈ ਤੇ ਜੇਕਰ ਇਨ੍ਹਾਂ ਦੀਆਂ ਜਾਇਦਾਦਾਂ ਵੇਚ ਦਿੱਤੀਆਂ ਜਾਣ ਤਾਂ ਗੁਜਰਾਤ ਦਾ ਸਾਰਾ ਕਰਜ਼ਾ ਭਰਿਆ ਜਾ ਸਕਦਾ ਹੈ।