Raghav Chadha: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜਸਥਾਨ ਕਾਂਗਰਸ 'ਚ ਚੱਲ ਰਹੇ ਸੰਕਟ 'ਤੇ ਤੰਜ ਕੱਸਿਆ ਹੈ। ਕਾਂਗਰਸ ਦੇ ਸੰਕਟ ਦੀ ਖ਼ਬਰ ਤੋਂ ਬਾਅਦ ਚੱਢਾ ਨੇ ਇੱਕ ਟਵੀਟ ਵਿੱਚ ਲਿਖਿਆ ਕਿ 'ਕਾਂਗਰਸ ਖ਼ਤਮ ਹੈ...ਕੇਜਰੀਵਾਲ ਬਦਲ ਹੈ।'
ਆਪ ਨੇ ਰਾਘਵ ਚੱਢਾ ਨੂੰ ਗੁਜਰਾਤ 'ਚ ਪਾਰਟੀ ਮਾਮਲਿਆਂ ਦਾ ਸਹਿ-ਇੰਚਾਰਜ ਬਣਾਇਆ ਹੈ। ਉਦੋਂ ਤੋਂ ਉਹ ਕਾਂਗਰਸ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣਾ ਗੁਜਰਾਤ ਦੌਰਾ ਸ਼ੁਰੂ ਕੀਤਾ। ਇਸ ਦੌਰਾਨ ਕਾਂਗਰਸ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ ਹੁਣ ਬੁੱਢੀ ਹੋ ਗਈ ਹੈ, ਉਹ ਭਾਜਪਾ ਨੂੰ ਨਹੀਂ ਹਰਾ ਸਕਦੀ। ਉਨ੍ਹਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਹੀ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ।
ਰਾਜਸਥਾਨ ਕਾਂਗਰਸ ਸੰਕਟ
ਦਰਅਸਲ ਰਾਜਸਥਾਨ ਦੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਐਤਵਾਰ ਸ਼ਾਮ 7 ਵਜੇ ਜੈਪੁਰ 'ਚ ਬੁਲਾਈ ਗਈ ਸੀ। ਇਸ 'ਚ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਚਰਚਾ ਹੋਣੀ ਸੀ। ਪਰ ਮੀਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸਮਰਥਨ ਕਰਨ ਵਾਲੇ 82 ਵਿਧਾਇਕਾਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਵੱਲੋਂ ਕਾਂਗਰਸ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਇਸ ਮੌਕੇ ਦਾ ਰਾਘਵ ਚੱਢਾ ਨੇ ਫ਼ਾਇਦਾ ਚੁੱਕਦੇ ਹੋਏ ਟਵੀਟ ਕਰਕੇ ਕਾਂਗਰਸ ਤੇ ਸਿਆਸੀ ਵਾਰ ਕੀਤਾ।
ਇਸ ਘਟਨਾਕ੍ਰਮ 'ਤੇ ਆਮ ਆਦਮੀ ਪਾਰਟੀ ਦੀ ਰਾਜਸਥਾਨ ਇਕਾਈ ਨੇ ਟਵਿੱਟਰ 'ਤੇ ਲਿਖਿਆ, ''ਪਿਆਰੇ ਰਾਹੁਲ ਗਾਂਧੀ ਜੀ, ਪਹਿਲਾਂ ਰਾਜਸਥਾਨ ਕਾਂਗਰਸ ਨੂੰ ਜੋੜ ਲਓ। ਇਸ ਦੇ ਇਲਾਵਾ ਲਿਖਿਆ 'ਰਾਜਸਥਾਨ ਵਿੱਚ ਸਰਕਾਰੀ ਨਹੀਂ, ਮਜ਼ਾਕ ਚੱਲ ਰਿਹਾ'
ਰਾਘਵ ਚੱਢਾ ਦਾ ਕਾਂਗਰਸ 'ਤੇ ਹਮਲਾ
ਆਮ ਆਦਮੀ ਪਾਰਟੀ ਇਨ੍ਹੀਂ ਦਿਨੀਂ ਕਾਂਗਰਸ 'ਤੇ ਹਮਲਾ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇ ਰਹੀ ਹੈ। ਗੁਜਰਾਤ ਦੇ ਸਹਿ-ਇੰਚਾਰਜ ਬਣਾਏ ਜਾਣ ਤੋਂ ਬਾਅਦ ਰਾਘਵ ਚੱਢਾ ਸ਼ਨੀਵਾਰ ਨੂੰ ਪਹਿਲੀ ਵਾਰ ਉੱਥੇ ਪਹੁੰਚੇ।ਰਾਜਕੋਟ 'ਚ ਉਨ੍ਹਾਂ ਨੇ ਗੁਜਰਾਤ 'ਚ ਕਾਂਗਰਸ ਦੇ ਦਾਅਵੇ ਨੂੰ ਪੁਰਾਣੀ ਪਾਰਟੀ ਦੱਸਦੇ ਹੋਏ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੁੱਢੀ ਹੋ ਚੁੱਕੀ ਹੈ, ਜੋ ਭਾਜਪਾ ਨੂੰ ਮੁਕਾਬਲਾ ਦੇਣ ਵਿਚ ਨਾਕਾਮ ਰਹੀ ਹੈ। ਕਾਂਗਰਸ ਉਹ ਥੱਕ ਚੁੱਕੀ ਅਤੇ ਹਾਰੀ ਹੋਈ ਪਾਰਟੀ ਹੈ, ਜੋ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਮੁਕਾਬਲਾ ਨਹੀਂ ਦੇ ਸਕੀ ਅਤੇ ਹੁਣ ਉਹ ਪਾਰਟੀ ਕੀ ਕਰੇਗੀ ਜੋ ਮੁਕਾਬਲਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹੁਣ ਬਹੁਤ ਪੁਰਾਣੀ ਪਾਰਟੀ ਬਣ ਚੁੱਕੀ ਹੈ, ਜਿਸ ਵੱਲ ਗੁਜਰਾਤ ਦੇ ਵੋਟਰ ਵੀ ਨਹੀਂ ਦੇਖਦੇ।
ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ 27 ਸਾਲ ਦੇ ਸ਼ਾਸਨ ਤੋਂ ਬਾਅਦ ਹੁਣ ਗੁਜਰਾਤ 'ਚ ਬਦਲਾਅ ਦਾ ਸਮਾਂ ਆ ਗਿਆ ਹੈ। ਇੱਥੇ ਵੀ ਅਰਵਿੰਦ ਕੇਜਰੀਵਾਲ ਦੇ ਸ਼ਾਸਨ ਦੇ ਮਾਡਲ ਦਾ ਸਮਾਂ ਹੈ, ਜਿਸ ਵਿੱਚ ਗਰੀਬ ਤੋਂ ਗਰੀਬ ਨੂੰ ਵਿਸ਼ਵ ਪੱਧਰੀ ਸਿੱਖਿਆ, ਸਿਹਤ ਸਹੂਲਤਾਂ, ਅਪਰੇਸ਼ਨ, ਮੁਫ਼ਤ ਦਵਾਈਆਂ, ਮੁਫ਼ਤ ਬਿਜਲੀ ਅਤੇ ਪਾਣੀ, ਔਰਤਾਂ ਨੂੰ ਆਰਥਿਕ ਮਦਦ ਅਤੇ ਹੋਰ ਸਕੀਮਾਂ ਦਾ ਲਾਭ ਮਿਲਦਾ ਹੈ।