ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਮੋਦੀ ਸਰਕਾਰ ਦੇ ਕੁਝ ਫੈਸਲਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਸੀਨੀਅਰ ਲੀਡਰਾਂ ਨੂੰ ਵੱਡਾ ਝਕਟਾ ਦਿੱਤਾ ਹੈ। ਬੀਜੇਪੀ ਨੇ ਇਨ੍ਹਾਂ ਲੀਡਰਾਂ ਨੂੰ ਪਾਰਟੀ ਦੀ ਕੌਮੀ ਕਾਰਜਕਾਰਨੀ ਵਿੱਚੋ ਬਾਹਰ ਕਰ ਦਿੱਤਾ ਹੈ। ਇਨ੍ਹਾਂ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਹਮਦਰਦੀ ਦਿਖਾਉਣ ਵਾਲੇ ਵਰੁਣ ਗਾਂਧੀ, ਚੌਧਰੀ ਵੀਰੇਂਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੀ ਸ਼ਾਮਲ ਹਨ।
ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਵੱਲੋਂ ਵੀਰਵਾਰ ਨੂੰ ਐਲਾਨੀ ਪਾਰਟੀ ਦੀ ਨਵੀਂ ਕੌਮੀ ਕਾਰਜਕਾਰਨੀ ਵਿੱਚ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਪ੍ਰਹਿਲਾਦ ਪਟੇਲ, ਕਈ ਮੁੱਦਿਆਂ ’ਤੇ ਪਾਰਟੀ ਤੋਂ ਵੱਖਰਾ ਰੁਖ਼ ਰੱਖਣ ਵਾਲੇ ਸੁਬਰਾਮਨੀਅਨ ਸਵਾਮੀ, ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਪੁੱਤਰ ਤੇ ਸੰਸਦ ਮੈਂਬਰ ਦੁਸ਼ਯੰਤ ਸਿੰਘ, ਵਿਜੈ ਗੋਇਲ, ਵਿਨੈ ਕਟਿਆਰ ਤੇ ਐਸਐਸ ਆਹਲੂਵਾਲੀਆ ਨੂੰ ਵੀ ਥਾਂ ਨਹੀਂ ਮਿਲੀ।
ਵਰੁਣ ਗਾਂਧੀ, ਸਵਾਮੀ ਤੇ ਵੀਰੇਂਦਰ ਸਿੰਘ ਨੂੰ ਕਾਰਜਕਾਰਨੀ ਤੋਂ ਬਾਹਰ ਕੀਤੇ ਜਾਣ ਨੂੰ ਵੱਖ-ਵੱਖ ਮੁੱਦਿਆਂ ’ਤੇ ਇਨ੍ਹਾਂ ਆਗੂਆਂ ਦੇ ਰੁਖ਼ ਤੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਨਾਰਾਜ਼ਗੀ ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਵਰੁਣ ਗਾਂਧੀ ਤਿੰਨ ਕੇਂਦਰੀ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ’ਚ ਲਗਾਤਾਰ ਆਵਾਜ਼ ਉਠਾ ਰਹੇ ਹਨ।
ਉਨ੍ਹਾਂ ਹਾਲ ਹੀ ’ਚ ਲਖੀਮਪੁਰ ਖੀਰੀ ਦੀ ਘਟਨਾ ਲਈ ਵੀ ਸਰਕਾਰ ਦੀ ਨਿੰਦਾ ਕੀਤੀ ਸੀ। ਮੇਨਕਾ ਗਾਂਧੀ ਤੇ ਵੀਰੇਂਦਰ ਸਿੰਘ ਵੀ ਕਿਸਾਨਾਂ ਲਈ ਹਮਦਰਦੀ ਜ਼ਾਹਿਰ ਕਰਦੇ ਰਹੇ ਹਨ। ਰਾਓ ਇੰਦਰਜੀਤ ਸਿੰਘ ’ਤੇ ਭਾਜਪਾ ਦੀ ਲੀਡਰਸ਼ਿਪ ਵਿਚਾਲੇ ਕੁਝ ਤਲਖੀ ਆਈ ਹੈ।
ਨਵੀਂ ਕਾਰਜਕਾਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ 80 ਆਗੂਆਂ ਨੂੰ ਮੈਂਬਰ ਚੁਣਿਆ ਗਿਆ ਹੈ। ਕਾਂਗਰਸ ਛੱਡ ਕੇ ਭਾਜਪਾ ’ਚ ਆਏ ਜਯੋਤਿਰਦਿੱਤਿਆ ਸਿੰਧੀਆ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ, ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਵਿਧੂੜੀ ਕਾਰਜਕਾਰਨੀ ’ਚ ਸ਼ਾਮਲ ਕੀਤੇ ਗਏ ਨਵੇਂ ਮੈਂਬਰ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ, ਧਰਮੇਂਦਰ ਪ੍ਰਧਾਨ ਤੇ ਨਿਰਮਲਾ ਸੀਤਾਰਾਮਨ ਕਾਰਜਕਾਰਨੀ ’ਚ ਬਣੇ ਰਹਿਣਗੇ।